ਕਾਂਗਰਸ ਦਾ ਦਾਅਵਾ, ਸੱਤਾ ‘ਚ ਆਏ ਤਾਂ 500 ਰੁਪਏ ਤੋਂ ਘੱਟ ‘ਚ ਮਿਲੇਗਾ ਘਰੇਲੂ ਰਸੋਈ ਗੈਸ ਸਿਲੰਡਰ

ਨਵੀਂ ਦਿੱਲੀ : ਕਾਂਗਰਸ ਨੇ ਘਰੇਲੂ ਰਸੋਈ ਗੈਸ ਸਿਲੰਡਰ ਤੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਨੂੰ ‘ਹੋਲੀ ਤੋਂ ਪਹਿਲਾਂ ਮੋਦੀ ਸਰਕਾਰ ਦਾ ਤੋਹਫ਼ਾ’ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਵੀ ਦਾਅਵਾ ਕੀਤਾ ਹੈ ਕਿ ਜੇਕਰ 2024 ‘ਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਹ ਆਮ ਪਰਿਵਾਰਾਂ ਨੂੰ 500 ਰੁਪਏ ਤੋਂ ਘੱਟ ਕੀਮਤ ਵਿਚ ਸਿਲੰਡਰ ਮੁਹੱਈਆ ਕਰਵਾਏਗੀ। ਮੁੱਖ ਵਿਰੋਧੀ ਪਾਰਟੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਜਸਥਾਨਦੀ ਕਾਂਗਰਸ ਸਰਕਾਰ ਤੋਂ ਸਿੱਖਣਾ ਚਾਹੀਦਾ ਹੈ ਕਿਉਂਕਿ ਸੂਬੇ ‘ਚ ਘਰੇਲੂ ਐੱਲ.ਪੀ.ਜੀ. ਸਿਲੰਡਰ 500 ਰੁਪਏ ਤੋਂ ਵੀ ਘੱਟ ਕੀਮਤ ‘ਤੇ ਮਿਲ਼ ਰਿਹਾ ਹੈ। 

ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਟਵੀਟ ਕੀਤਾ, “ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 50 ਰੁਪਏ ਵਧਾਈ, ਕਮਰਸ਼ੀਅਲ ਗੈਸ ਸਿਲੰਡਰ 350 ਰੁਪਏ ਮਹਿੰਗਾ। ਜਨਤਾ ਪੁੱਛ ਰਹੀ ਹੈ – ਹੁਣ ਕਿੰਝ ਬਣਨਗੇ ਹੋਲੀ ਦੇ ਪਕਵਾਨ, ਕਦੋਂ ਤਕ ਜਾਰੀ ਰਹਿਣਗੇ ਲੁੱਟ ਦੇ ਇਹ ਫ਼ਰਮਾਨ?” ਉਨ੍ਹਾਂ ਤੰਜ਼ ਕੱਸਦਿਆਂ ਇਹ ਵੀ ਕਿਹਾ, “ਮੋਦੀ ਸਰਕਾਰ ਵਿਚ ਲਾਗੂ ਕਮਰਤੋੜ ਮਹਿੰਗਾਈ ਦੇ ਹੇਠਾਂ ਪਿਸਦਾ ਹਰ ਇਨਸਾਨ!”

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਦੇ ‘ਮਿੱਤਰਕਾਲ’ ‘ਚ ਜਨਤਾ ਦੀ ਜੇਬ ਕੱਟੀ ਜਾ ਰਹੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ 2014 ‘ਚ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 410 ਰੁਪਏ ਸੀ। ਅੱਜ ਭਾਜਪਾ ਦੀ ਸਰਕਾਰ ਵਿਚ ਸਿਲੰਡਰ 1103 ਰੁਪਏ ਦਾ ਮਿੱਲ ਰਿਹਾ ਹੈ ਤੇ ਸਬਸਿਡੀ ਕੁੱਝ ਨਹੀਂ ਹੈ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ, “ਕਾਂਗਰਸ ਕਾਲ ‘ਚ ਜਿੱਥੇ ਮਿਲੀ ਸਬਸਿਡੀ ਨਾਲ ਰਾਹਤ, ‘ਮਿੱਤਰਕਾਲ’ ‘ਚ ਬੱਸ ਜਨਤਾ ਦੀ ਜੇਬ ਕੱਟੀ, ਤੇ ਦੇਸ਼ ਦੀ ਜਾਇਦਾਦ ‘ਮਿੱਤਰ’ ਨੂੰ ਖ਼ੈਰਾਤ ‘ਚ ਵੰਡੀ।”

ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਪੱਤਰਕਾਰਾਂ ਨੂੰ ਕਿਹਾ, “ਮਿੱਤਰਕਾਲ ‘ਚ ਮੋਦੀ ਜੀ ਨੇ ਜਨਤਾ ਨੂੰ ਹੋਲੀ ਤੋਂ 7 ਦਿਨ ਪਹਿਲਾਂ ਤੋਹਫ਼ਾ ਦਿੱਤਾ ਹੈ। ਮੋਦੀ ਜੀ ਨਹੀਂ ਚਾਹੁੰਦੇ ਕਿ ਲੋਕ ਹੋਲੀ ‘ਤੇ ਆਪਣੀ ਰਸੋਈ ‘ਚ ਕੁੱਝ ਬਣਾਉਣ।” ਉਨ੍ਹਾਂ ਕਿਹਾ, “ਰਾਜਸਥਾਨ ‘ਚ ਸਾਡੀ ਸਰਕਾਰ ਗੈਸ ਸਿਲੰਡਰ 500 ਰੁਪਏ ਤੋਂ ਘੱਟ ਦੇ ਰਹੀ ਹੈ। ਸੂਬਿਆਂ ਤੋਂ ਸਿੱਖੋ ਮੋਦੀ ਜੀ। ਸਾਡੀ ਮੰਗ ਹੈ ਕਿ ਰਸੋਈ ਗੈਸ ਦੀ ਕੀਮਤ 500 ਰੁਪਏ ਤੋਂ ਘੱਟ ਕੀਤੀ ਜਾਵੇ। ਜੇਕਰ ਇਹ ਕੀਮਤ 500 ਰੁਪਏ ਤੋਂ ਵੱਧ ਹੁੰਦੀ ਹੈ ਤਾਂ ਇਹ ਜੀ.ਡੀ.ਪੀ. ਵਾਧੇ ਲਈ ਠੀਕ ਨਹੀਂ ਹੋਵੇਗਾ।” ਇਹ ਪੁੱਛੇ ਜਾਣ ‘ਤੇ ਕਿ ਜੇਕਰ 2024 ਦੀਆਂ ਲੋਕਸਭਾ ਚੋਣਾਂ ‘ਚ ਕਾਂਗਰਸ ਜਿੱਤਦੀ ਹੈ ਤੇ ਉਸ ਦੀ ਸਰਕਾਰ ਬਣਦੀ ਹੈ ਤਾਂ ਕੀ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 500 ਰੁਪਏ ਤੋਂ ਘੱਟ ਕੀਤੀ ਜਾਵੇਗੀ ਤਾਂ ਵੱਲਭ ਨੇ ਕਿਹਾ, “ਜਦੋਂ ਅਸੀਂ ਰਾਜਸਥਾਨ ‘ਚ ਇਹ ਕਰ ਸਕਦੇ ਹਾਂ ਤਾਂ ਦੇਸ਼ ‘ਚ ਅਜਿਹਾ ਕਿਉਂ ਨਹੀਂ ਕਰਾਂਗੇ। ਅਸੀਂ ਪ੍ਰਣ ਲੈਂਦੇ ਹਾਂ ਕਿ 2024 ‘ਚ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਘਰੇਲੂ ਗੈਸ ਸਿਲੰਡਰ ਦੀ ਕੀਮਤ 500 ਰੁਪਏ ਤੋਂ ਵੱਧ ਨਹੀਂ ਹੋਵੇਗੀ।”

ਇੱਥੇ ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ 14.2 ਕਿੱਲੋ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਬੁੱਧਵਾਰ ਨੂੰ 50 ਰੁਪਏ ਦਾ ਵਾਧਾ ਕੀਤਾ ਗਿਆ। ਰਾਜਧਾਨੀ ਦਿੱਲੀ ‘ਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਹੁਣ 1103 ਰੁਪਏ ਪਹੁੰਚ ਗਈ ਹੈ। ਪਹਿਲਾਂ ਇੱਥੇ 1053 ਰੁਪਏ ‘ਚ ਸਿਲੰਡਰ ਮਿਲਦਾ ਸੀ।

Add a Comment

Your email address will not be published. Required fields are marked *