ਗੋਲੀਬਾਰੀ ‘ਚ ਪੁਲਸ ਅਧਿਕਾਰੀ ਸਮੇਤ ਦੋ ਲੋਕਾਂ ਦੀ ਮੌਤ, ਸ਼ੱਕੀ ਹਲਾਕ

ਟੋਰਾਂਟੋ – ਕੈਨੇਡਾ ਦੇ ਓਂਟਾਰੀਓ ਵਿੱਚ ਸੋਮਵਾਰ ਨੂੰ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਿੱਚ ਇੱਕ ਟੋਰਾਂਟੋ ਟ੍ਰੈਫਿਕ ਪੁਲਸ ਅਧਿਕਾਰੀ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਗੋਲੀਬਾਰੀ ਦੀਆਂ ਦੋਵੇਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਬਾਅਦ ਵਿੱਚ ਪੁਲਸ ਕਾਰਵਾਈ ਵਿੱਚ ਮਾਰਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 

ਇਸ ਤੋਂ ਪਹਿਲਾਂ ਪੁਲਸ ਨੇ ਓਂਟਾਰੀਓ ਦੇ ਮਿਸੀਸਾਗਾ ਅਤੇ ਮਿਲਟਨ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਲੋਕਾਂ ਨੂੰ ਫੋਨ ‘ਤੇ ਐਮਰਜੈਂਸੀ ਅਲਰਟ ਭੇਜ ਕੇ ਕਿਹਾ ਕਿ ਉਹ ਟੋਰਾਂਟੋ ਵਿੱਚ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਭਾਲ ਕਰ ਰਹੇ ਹਨ। ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਘਟਨਾ ਦੇ ਸਮੇਂ ਉਹ (ਡੋਨਟ ਅਤੇ ਕੌਫੀ ਚੇਨ) ‘ਟਿਮ ਹੌਟਰਨਜ਼’ ਤੋਂ ਭੋਜਨ ਅਤੇ ਕੌਫੀ ਲੈ ਰਿਹਾ ਸੀ। ਟੋਰੀ ਨੇ ਦਿ ਐਸੋਸੀਏਟਿਡ ਪ੍ਰੈੱਸ (ਏਪੀ) ਨੂੰ ਦੱਸਿਆ ਕਿ ਗੋਲੀਬਾਰੀ ਵਿੱਚ ਮਾਰੇ ਗਏ ਅਧਿਕਾਰੀ ਐਂਡਰਿਊ ਹਾਂਗ ਨਾਲ ਉਹ ਪਹਿਲਾਂ ਮਿਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਇਕ ਸੱਜਣ ਵਿਅਕਤੀ ਸਨ। 

ਟੋਰਾਂਟੋ ਦੇ ਪੁਲਸ ਮੁਖੀ ਜੇਮਸ ਰਾਮਰ ਨੇ ਕਿਹਾ ਕਿ ਹਾਂਗ (48) ਨੂੰ ਨੇੜੇ ਤੋਂ ਗੋਲੀ ਮਾਰੀ ਗਈ ਸੀ। ਪੀਲ ਖੇਤਰੀ ਪੁਲਸ ਮੁਖੀ ਨਿਸ਼ਾਨ ਦੁਰਈੱਪਾ ਨੇ ਕਿਹਾ ਕਿ ਉਸਨੂੰ ਦੁਪਹਿਰ ਦੇ ਖਾਣੇ ਦੀ ਛੁੱਟੀ ਦੌਰਾਨ ਬਿਨਾਂ ਕਿਸੇ ਕਾਰਨ ਗੋਲੀ ਮਾਰ ਦਿੱਤੀ ਗਈ ਅਤੇ ਮੈਂ ਕਹਿ ਸਕਦਾ ਹਾਂ ਕਿ ਇਹ ਘਾਤ ਲਗਾ ਕੇ ਕੀਤਾ ਗਿਆ ਹਮਲਾ ਸੀ। ਉਹਨਾਂ ਨੇ ਦੱਸਿਆ ਕਿ ਇਸ ਗੋਲੀਬਾਰੀ ਵਿਚ ਇਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਦੁਰਈੱਪਾ ਨੇ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਥਿਆਰਬੰਦ ਸ਼ੱਕੀ ਕਾਲੇ ਰੰਗ ਦੀ ਜੀਪ ਵਿੱਚ ਭੱਜ ਗਿਆ ਅਤੇ ਫਿਰ ਪੁਲਸ ਨੂੰ ਮਿਲਟਨ ਵਿੱਚ ਗੋਲੀਬਾਰੀ ਦੀ ਸੂਚਨਾ ਦਿੱਤੀ ਗਈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਉਸਨੇ ਕਿਹਾ ਕਿ ਸ਼ੱਕੀ ਮੌਕੇ ਤੋਂ ਭੱਜ ਗਿਆ ਅਤੇ ਬਾਅਦ ਵਿੱਚ ਓਂਟਾਰੀਓ ਦੇ ਹੈਮਿਲਟਨ ਵਿੱਚ ਇੱਕ ਕਬਰਸਤਾਨ ਵਿੱਚ ਪੁਲਸ ਨਾਲ ਹੋਏ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ। ਪੁਲਸ ਨੇ ਅਜੇ ਤੱਕ ਦੋਸ਼ੀ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਹੈ। ਪੀਲ ਰੀਜਨਲ ਪੁਲਸ ਕਾਂਸਟੇਬਲ ਹੀਥਰ ਕੈਨਨ ਨੇ ਬਾਅਦ ਵਿੱਚ ਕਿਹਾ ਕਿ ਜਨਤਕ ਸੁਰੱਖਿਆ ਨੂੰ ਹੁਣ ਕੋਈ ਖ਼ਤਰਾ ਨਹੀਂ ਹੈ।

Add a Comment

Your email address will not be published. Required fields are marked *