ਦੌੜਾਕ ਜਗਜੀਤ ਸਿੰਘ ਨੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ‘ਚ ਚੈਰਿਟੀ ਵਾਕ

ਲੰਡਨ – ਮੈਰਾਥਨ ਦੌੜਾਕ ਜਗਜੀਤ ਸਿੰਘ ਨੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ‘ਚ 62 ਕਿਲੋਮੀਟਰ ਦੀ ਚੈਰਿਟੀ ਵਾਕ ਕਰਕੇ ਲੰਡਨ ਬਾਰੋ ਆਫ ਹਲਿੰਗਡਨ ਦੀ ਮੇਅਰ ਬੈਕੀ ਹੈਗਰ ਦੀ ਚੈਰਿਟੀ ‘ਤੇ ਲੋੜਵੰਦ ਬੱਚਿਆਂ ਦੀ ਮਦਦ ਲਈ ਫੰਡ ਇਕੱਠਾ ਕੀਤਾ ਗਿਆ। ਇਹ ਪੈਦਲ ਯਾਤਰਾ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਦੀ ਦੀ ਸ਼ਹਾਦਤ ਨੂੰ ਸਮਰਪਿਤ ਸੀ ਤੇ 62 ਕਿਲੋਮੀਟਰ ਦੀ ਪੈਦਲ ਯਾਤਰਾ ਮੈਰਾਥਨ ਦੌੜਾਕ ਕੌਂਸਲਰ ਜਗਜੀਤ ਸਿੰਘ ਅਤੇ ਜਸ ਢੋਟ ਵਲੋਂ 11 ਘੰਟੇ 5 ਮਿੰਟ ‘ਚ ਤੈਅ ਕੀਤੀ ਗਈ। ਇਹ ਯਾਤਰਾ ਹਲਿੰਗਡਨ ਸੀਵਿਕ ਸੈਂਟਰ ਤੋਂ ਬਾਅਦ ਦੁਪਿਹਰ ਸ਼ੁਰੂ ਹੋਈ ਤੇ ਦੇਰ ਰਾਤ ਸੰਪੰਨ ਹੋਈ। ਇਸ ਮੌਕੇ ਲੰਡਨ ਦਾ ਤਾਪਮਾਨ ਮਨਫੀ 3 ਡਿਗਰੀ ਤੋਂ ਵੀ ਹੇਠਾਂ ਸੀ।

ਮੇਅਰ ਬੈਕੀ ਹੈਗਰ ਨੇ ਕਿਹਾ ਕਿ ਅੱਜ ਅਸੀਂ ਇਕ ਬਜ਼ੁਰਗ ਦਾਦੀ ਮਾਂ ਅਤੇ ਉਨ੍ਹਾਂ ਦੇ ਛੋਟੇ-ਛੋਟੇ 2 ਪੋਤਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਲੋੜਵੰਦ ਬੱਚਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਰਾਥਨ ਦੌੜਾਕ ਜਗਜੀਤ ਸਿੰਘ ਅਤੇ ਜਸ ਢੋਟ ਨੇ ਮੇਅਰ ਬੈਕੀ ਅਤੇ ਦਾਨੀ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਮਨਫੀ ਤਾਪਮਾਨ ਤੇ ਕੜਕੇ ਦੀ ਠੰਢ ‘ਚ ਉਸ ਸਮੇਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਸੀ ਜਦੋਂ ਸਾਕਾ ਸਰਹੰਦ ਵਾਪਰਿਆ ਸੀ। ਮੈਰਾਥਨ ਦੌੜਾਕ ਤੇ ਕੌਂਸਲਰ ਸ. ਜਗਜੀਤ ਸਿੰਘ ਨੇ ਕਿਹਾ ਕਿ ਉਹ ਸਥਾਨਕ ਭਾਈਚਾਰਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਤੋਂ ਜਾਣੂ ਕਰਵਾਉਣ ਦਾ ਯਤਨ ਕਰ ਰਹੇ ਹਨ ਕਿ ਕਿਸ ਤਰ੍ਹਾਂ ਅਨੰਦਪੁਰ ਸਾਹਿਬ ਤੋਂ ਸਰਹਿੰਦ ਤੱਕ 62 ਕਿਲੋਮੀਟਰ ਦਾ ਸਫ਼ਰ ਉਨ੍ਹਾਂ ਨੇ ਤੈਅ ਕੀਤਾ ਹੋਵੇਗਾ। ਇਸ ਮੌਕੇ ਹਰਜੋਤ ਸਿੰਘ ਢੋਟ, ਪ੍ਰਤਾਪ ਸਿੰਘ ਸੀ. ਪੀ. ਐੱਮ., ਉੱਘੇ ਕਾਰੋਬਾਰੀ ਰਾਜਿੰਦਰਬੀਰ ਸਿੰਘ ਰਮਨ ਭੈਣੀ, ਜਸ਼ਨਜੀਤ ਸਿੰਘ ਜੱਸਾ, ਰਸ਼ਪਾਲ ਸਿੰਘ ਸੰਘਾ, ਭੁਪਿੰਦਰ ਸਿੰਘ ਸੋਹੀ, ਰਘਵਿੰਦਰ ਸਿੰਘ ਸੋਹੀ, ਅਮਰੀਕ ਸਿੰਘ, ਗੁਰਮੀਤ ਸਿੰਘ ਰੰਧਾਵਾ, ਫਤਹਿ ਸੋਢੀ, ਅਮੀਸ਼, ਪ੍ਰੇਮ, ਗੁਰਜੀਤ ਸਿੰਘ ਆਦਿ ਹਾਜ਼ਰ ਸਨ।

Add a Comment

Your email address will not be published. Required fields are marked *