ਸੰਵਿਧਾਨ ਦੀ ਰਾਖੀ ਲਈ ਹਮਖਿਆਲ ਪਾਰਟੀਆਂ ਨਾਲ ਹੱਥ ਮਿਲਾਏਗੀ ਕਾਂਗਰਸ: ਸੋਨੀਆ ਗਾਂਧੀ

ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਸੰਵਿਧਾਨ ਦੀ ਰਾਖੀ ਲਈ ਉਨ੍ਹਾਂ ਦੀ ਪਾਰਟੀ ਹਮਖਿਆਲ ਪਾਰਟੀਆਂ ਨਾਲ ਹੱਥ ਮਿਲਾਏਗੀ। ‘ਦਿ ਹਿੰਦੂ’ ਅਖਬਾਰ ਵਿੱਚ ਛਪੇ ਲੇਖ ਵਿੱਚ ਸ੍ਰੀਮਤੀ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੀ ਸਰਕਾਰ ਨੀਤੀਗਤ ਢੰਗ ਨਾਲ ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਨੂੰ ਖਤਮ ਕਰਨ ’ਤੇ ਲੱਗੀ ਹੋਈ ਹੈ ਜੋ ਜਮਹੂਰੀਅਤ ਲਈ ਖਤਰਨਾਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ, ਭਾਜਪਾ ਅਤੇ ਆਰਐਸਐਸ ਦੇ ਆਗੂਆਂ ਵੱਲੋਂ ਫੈਲਾਈ ਜਾ ਰਹੀ ਨਫ਼ਰਤ ਤੇ ਹਿੰਸਾ ਨੂੰ ਨਜ਼ਰਅੰਦਾਜ਼ ਕਰਦੇ ਹਨ। ਉਹ ਸ਼ਾਂਤੀ ਭੰਗ ਕਰਨ ਵਾਲਿਆਂ ਖ਼ਿਲਾਫ਼ ਕਦੇ ਕੋਈ ਕਾਰਵਾਈ ਨਹੀਂ ਕਰਦੇ।

ਸ੍ਰੀਮਤੀ ਗਾਂਧੀ ਨੇ ਕਿਹਾ,‘ਧਾਰਮਿਕ ਤਿਉਹਾਰ ਇਕ ਦੂਜੇ ਨੂੰ ਭੰਡਣ ਦੇ ਮੌਕੇ ਬਣ ਗਏ ਜਾਪਦੇ ਹਨ ਜਦੋਂ ਕਿ ਕਦੇ ਇਨ੍ਹਾਂ ਮੌਕਿਆਂ ’ਤੇ ਖੁਸ਼ੀਆਂ ਤੇ ਜਸ਼ਨ ਮਨਾਏ ਜਾਂਦੇ ਸਨ। ਮੌਜੂਦਾ ਸਮੇਂ ਵਿੱਚ ਧਰਮ, ਖਾਣੇ, ਜਾਤ, ਲਿੰਗ ਤੇ ਭਾਸ਼ਾ ਦੇ ਆਧਾਰ ’ਤੇ ਵਿਤਕਰਾ ਹੋ ਰਿਹਾ ਹੈ।’ ਮੋਦੀ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਬਿਆਨਾਂ ’ਚ ਅਹਿਮ ਮੁੱਦਿਆਂ ਵਿਸਾਰ ਦਿੰਦੇ ਹਨ ਜਾਂ ਫੇਰ ਇਨ੍ਹਾਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ।

ਕਾਂਗਰਸ ਸੰਸਦੀ ਕਮੇਟੀ ਦੀ ਚੇਅਰਪਰਸਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਣਥੱਕ ਯਤਨਾਂ ਦੇ ਬਾਵਜੂਦ ਦੇਸ਼ ਲੋਕ ਹੁਣ ਚੁੱਪ ਨਹੀਂ ਰਹਿਣਗੇ। ਅਗਲੇ ਕੁਝ ਮਹੀਨੇ ਭਾਰਤ ਦੀ ਜਮਹੂਰੀਅਤ ਲਈ ਅਹਿਮ ਹੋਣ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੁਝ ਸੂਬਿਆਂ ਵਿੱਚ ਚੋਣਾਂ ਦੇ ਮੱਦੇਨਜ਼ਰ ਮੋਦੀ ਸਰਕਾਰ ਵੱਲੋਂ ਆਪਣੀ ਤਾਕਤ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਤੱਕ ਆਪਣਾ ਸੁਨੇਹਾ ਪਹੁੰਚਾਉਣ ਲਈ ਹਰ ਹੰਭਲਾ ਮਾਰੇਗੀ ਜਿਵੇਂ ‘ਭਾਰਤ ਜੋੜੋ ਯਾਤਰਾ’ ਵਿੱਚ ਮਾਰਿਆ ਗਿਆ ਸੀ।

Add a Comment

Your email address will not be published. Required fields are marked *