ਭਾਰਤੀ ਹਾਕੀ ਟੀਮ ਨੇ ਸਿੰਗਾਪੁਰ ਨੂੰ 16.1 ਨਾਲ ਹਰਾਇਆ

ਹਾਂਗਜ਼ੂ- ਕਪਤਾਨ ਹਰਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦੀ ਹੈਟ੍ਰਿਕ ਦੇ ਦਮ ‘ਤੇ ਖਿਤਾਬ ਦੀ ਦਾਅਵੇਦਾਰ ਭਾਰਤੀ ਟੀਮ ਨੇ ਏਸ਼ੀਆਈ ਖੇਡਾਂ ਦੇ ਪੁਰਸ਼ ਹਾਕੀ ਮੁਕਾਬਲੇ ਵਿਚ ਮੰਗਲਵਾਰ ਨੂੰ ਸਿੰਗਾਪੁਰ ਨੂੰ 16.1 ਨਾਲ ਹਰਾ ਦਿੱਤਾ। ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਭਾਰਤ ਨੇ ਉਜ਼ਬੇਕਿਸਤਾਨ ਨੂੰ 16.0 ਨਾਲ ਹਰਾਇਆ ਸੀ। ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਵਿਸ਼ਵ ਦੇ ਤੀਜੇ ਨੰਬਰ ਦੇ ਭਾਰਤ ਲਈ ਇਹ ਇਕ ਵਾਰ ਫਿਰ ਬੇਮੇਲ ਮੁਕਾਬਲਾ ਸੀ ਕਿਉਂਕਿ ਸਿੰਗਾਪੁਰ ਵਿਸ਼ਵ ਰੈਂਕਿੰਗ ਵਿੱਚ 49ਵੇਂ ਸਥਾਨ ‘ਤੇ ਹੈ। ਭਾਰਤ ਨੂੰ ਹੁਣ 28 ਸਤੰਬਰ ਨੂੰ ਪੂਲ ਏ ਦੇ ਅਗਲੇ ਲੀਗ ਮੈਚ ਵਿੱਚ ਮੌਜੂਦਾ ਚੈਂਪੀਅਨ ਜਾਪਾਨ ਨਾਲ ਖੇਡਣਾ ਹੈ। ਭਾਰਤ ਲਈ ਹਰਮਨਪ੍ਰੀਤ ਨੇ ਚਾਰ (24ਵੇਂ, 39ਵੇਂ, 40ਵੇਂ, 42ਵੇਂ ਮਿੰਟ), ਮਨਦੀਪ ਨੇ ਤਿੰਨ (12ਵੇਂ, 30ਵੇਂ ਅਤੇ 51ਵੇਂ ਮਿੰਟ), ਵਰੁਣ ਕੁਮਾਰ ਨੇ ਦੋ (55ਵੇਂ ਮਿੰਟ), ਅਭਿਸ਼ੇਕ ਨੇ ਦੋ (51ਵੇਂ ਅਤੇ 52ਵੇਂ ਮਿੰਟ) ਵੀ ਐੱਸ ਪ੍ਰਸਾਦ (23ਵੇਂ ਮਿੰਟ), ਗੁਰਜੰਟ ਸਿੰਘ (22ਵਾਂ), ਲਲਿਤ ਉਪਾਧਿਆਏ (16ਵਾਂ), ਸ਼ਮਸ਼ੇਰ ਸਿੰਘ (38ਵਾਂ) ਅਤੇ ਮਨਪ੍ਰੀਤ ਸਿੰਘ (37ਵਾਂ) ਨੇ ਗੋਲ ਕੀਤੇ। ਸਿੰਗਾਪੁਰ ਲਈ ਇੱਕੋ ਇੱਕ ਗੋਲ ਮੁਹੰਮਦ ਜ਼ਕੀ ਬਿਨ ਜ਼ੁਲਕਰਨੈਨ ਨੇ 53ਵੇਂ ਮਿੰਟ ਵਿੱਚ ਕੀਤਾ।

ਭਾਰਤ ਨੇ ਹੌਲੀ ਸ਼ੁਰੂਆਤ ਕੀਤੀ ਪਰ ਗੇਂਦ ‘ਤੇ ਕਾਬੂ ਪਾਇਆ। ਸਾਰਾ ਮੈਚ ਸਿੰਗਾਪੁਰ ਸਰਕਲ ਵਿੱਚ ਹੋਇਆ ਅਤੇ ਭਾਰਤੀ ਗੋਲਕੀਪਰ ਇੱਕ ਵਾਰ ਫਿਰ ਮੂਕ ਦਰਸ਼ਕ ਬਣੇ ਰਹੇ। ਭਾਰਤ ਨੂੰ ਛੇਵੇਂ ਮਿੰਟ ਵਿੱਚ ਗੋਲ ਕਰਨ ਦਾ ਮੌਕਾ ਮਿਲਿਆ ਪਰ ਸੁਖਜੀਤ ਸਿੰਘ ਦੇ ਸ਼ਾਟ ਨੂੰ ਸਿੰਗਾਪੁਰ ਦੀ ਗੋਲਕੀਪਰ ਸੈਂਡਰਾਨ ਗੁਗਾਨ ਨੇ ਬਚਾ ਲਿਆ। ਭਾਰਤ ਨੂੰ ਅਗਲੇ ਹੀ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ ਪਰ ਕਪਤਾਨ ਹਰਮਨਪ੍ਰੀਤ ਸਿੰਘ ਦਾ ਫਲਿਕ ਬੇਕਾਰ ਗਿਆ। ਦੋ ਮਿੰਟ ਬਾਅਦ ਮਨਦੀਪ ਨੇ ਦੂਜੇ ਪੈਨਲਟੀ ਕਾਰਨਰ ‘ਤੇ ਗੋਲ ਕੀਤਾ ਪਰ ਸਿੰਗਾਪੁਰ ਦੇ ਗੋਲਕੀਪਰ ਨੇ ਸ਼ਾਨਦਾਰ ਬਚਾਅ ਕੀਤਾ। ਅੰਤ ਵਿੱਚ 12ਵੇਂ ਮਿੰਟ ਵਿੱਚ ਗੁਰਜੰਟ ਦੇ ਪਾਸ ’ਤੇ ਮਨਦੀਪ ਨੇ ਗੋਲ ਕਰਕੇ ਖਾਤਾ ਖੋਲ੍ਹਿਆ। ਭਾਰਤ ਨੂੰ ਪਹਿਲੇ ਕੁਆਰਟਰ ਦੇ ਆਖ਼ਰੀ ਦੋ ਮਿੰਟਾਂ ਵਿੱਚ ਮਿਲੇ ਦੋ ਪੈਨਲਟੀ ਕਾਰਨਰ ਬੇਕਾਰ ਗਏ। ਭਾਰਤ ਨੂੰ ਪਹਿਲੇ ਕੁਆਰਟਰ ਵਿੱਚ ਪੰਜ ਪੈਨਲਟੀ ਕਾਰਨਰ ਮਿਲੇ ਪਰ ਇੱਕ ਵੀ ਗੋਲ ਨਹੀਂ ਹੋ ਸਕਿਆ। ਭਾਰਤ ਨੇ ਦੂਜੇ ਕੁਆਰਟਰ ਵਿੱਚ ਬਿਹਤਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਲਗਾਤਾਰ ਪੰਜ ਗੋਲ ਕੀਤੇ। ਦੂਜੇ ਕੁਆਰਟਰ ਦੀ ਸ਼ੁਰੂਆਤ ‘ਚ ਲਲਿਤ ਨੇ ਭਾਰਤ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। 21ਵੇਂ ਮਿੰਟ ਵਿੱਚ ਗੁਰਜੰਟ ਨੇ ਤੀਜਾ ਗੋਲ ਕੀਤਾ, ਜਿਸ ਨੂੰ ਮਨਦੀਪ ਨੇ ਪਾਸ ਦਿੱਤਾ ਸੀ। ਵਿਵੇਕ ਸਾਗਰ ਪ੍ਰਸਾਦ ਨੇ ਇਕ ਮਿੰਟ ਬਾਅਦ ਭਾਰਤ ਦਾ ਚੌਥਾ ਗੋਲ ਕੀਤਾ। ਹਰਮਨਪ੍ਰੀਤ ਨੇ ਅਗਲੇ ਹੀ ਮਿੰਟ ‘ਚ ਪੈਨਲਟੀ ‘ਤੇ ਗੋਲ ਕੀਤਾ ਅਤੇ ਸਕੋਰ 5.0 ਕਰ ਦਿੱਤਾ। ਅੱਧੇ ਸਮੇਂ ਤੋਂ ਠੀਕ ਪਹਿਲਾਂ ਮਨਦੀਪ ਨੇ ਪੈਨਲਟੀ ਕਾਰਨਰ ‘ਤੇ ਅਮਿਤ ਰੋਹੀਦਾਸ ਦੀ ਫਲਿੱਕ ਨੂੰ ਗੋਲ ‘ਚ ਲਗਾਇਆ।

ਬ੍ਰੇਕ ਤੋਂ ਬਾਅਦ ਭਾਰਤ ਨੂੰ 11ਵਾਂ ਪੈਨਲਟੀ ਕਾਰਨਰ ਮਿਲਿਆ ਪਰ ਹਰਮਨਪ੍ਰੀਤ ਦੀ ਫਲਿੱਕ ਗੋਲ ਤੋਂ ਦੂਰ ਹੋ ਗਈ। ਮਨਪ੍ਰੀਤ ਨੇ 37ਵੇਂ ਮਿੰਟ ‘ਚ ਪੈਨਲਟੀ ਕਾਰਨਰ ‘ਤੇ ਹਰਮਨਪ੍ਰੀਤ ਦੇ ਫਲਿੱਕ ‘ਤੇ ਰੀਬਾਉਂਡ ਤੋਂ ਗੋਲ ਕਰਕੇ ਭਾਰਤ ਦੀ ਬੜ੍ਹਤ ਨੂੰ ਵਧਾ ਦਿੱਤਾ। ਇਸ ਤੋਂ ਬਾਅਦ ਹਰਮਨਪ੍ਰੀਤ ਨੇ ਦੋ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਸ਼ਮਸ਼ੇਰ ਨੇ ਵੀ ਗੋਲ ਕੀਤਾ। ਹਰਮਨਪ੍ਰੀਤ ਨੇ ਪੈਨਲਟੀ ਕਾਰਨਰ ‘ਤੇ ਚੌਥਾ ਗੋਲ ਕੀਤਾ। ਵਰੁਣ ਨੇ ਲਗਾਤਾਰ ਦੋ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲਿਆ ਅਤੇ ਆਖਰੀ ਪੰਜ ਮਿੰਟਾਂ ਵਿੱਚ ਦੋ ਗੋਲ ਕੀਤੇ। ਭਾਰਤ ਨੂੰ ਮੈਚ ‘ਚ 22 ਪੈਨਲਟੀ ਕਾਰਨਰ ਮਿਲੇ ਪਰ ਉਹ ਅੱਠ ‘ਤੇ ਹੀ ਗੋਲ ਕਰ ਸਕਿਆ।

Add a Comment

Your email address will not be published. Required fields are marked *