ਕਾਂਗਰਸ ਵੱਲੋਂ ਮਜਬੂਰੀ ’ਚ ਮਹਿਲਾ ਰਾਖਵਾਂਕਰਨ ਬਿੱਲ ਦੀ ਹਮਾਇਤ: ਮੋਦੀ

ਭੋਪਾਲਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸ ਅਤੇ ਨਵੇਂ ‘ਘਮੰਡੀਆ’ ਗੱਠਜੋੜ ਵਿਚਲੇ ਇਸ ਦੇ ਭਾਈਵਾਲਾਂ ਨੇ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਦੀ ‘ਜੱਕੋਤਕੀ’ ਵਿੱਚ ਤੇ ਮਜਬੂਰੀਵੱਸ ਹਮਾਇਤ ਕੀਤੀ, ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਰਾਹ ਨਹੀਂ ਬਚਿਆ ਸੀ। ਸ੍ਰੀ ਮੋਦੀ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੌਕਾ ਦਿੱਤਾ ਜਾਵੇ ਤਾਂ ਉਹ (ਕਾਂਗਰਸ ਤੇ ਹੋਰ ਭਾਈਵਾਲ) ਇਸ ਬਿੱਲ ਨੂੰ ਲੈ ਕੇ ਪਿੱਛਲ ਪੈਰੀਂ ਹੋ ਜਾਣਗੇ। ਉਨ੍ਹਾਂ ਰਾਹੁਲ ਗਾਂਧੀ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਮੂੰਹ ਵਿੱਚ ਚਾਂਦੀ ਦਾ ਚਮਚ ਲੈ ਕੇ ਜੰਮਣ ਵਾਲਿਆਂ ਲਈ ਗਰੀਬ ਦੀ ਜ਼ਿੰਦਗੀ ਐਡਵੈਂਚਰ ਸੈਰ-ਸਪਾਟੇ ਤੇ ਪਿਕਨਿਕ ਵਾਂਗ ਹੈ। ਪ੍ਰਧਾਨ ਮੰਤਰੀ ਇਥੇ ਭਾਜਪਾ ਵਰਕਰਾਂ ਦੇ ਵਿਸ਼ਾਲ ਇਕੱਠ ‘ਕਾਰਯਕਰਤਾ ਮਹਾਕੁੰਭ’ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਾਂਗਰਸ ਦੀ ਤੁਲਨਾ ‘ਜੰਗਾਲ ਲੱਗੇ ਲੋਹੇ’ ਨਾਲ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਇਸ ਦੇ ਆਗੂ ਨਹੀਂ ਬਲਕਿ ‘ਸ਼ਹਿਰੀ ਨਕਸਲੀ’ ਚਲਾ ਰਹੇ ਹਨ ਅਤੇ ਕਾਂਗਰਸ ਨੂੰ ਜੇਕਰ ਮੁੜ ਮੌਕਾ ਦਿੱਤਾ ਤਾਂ ਉਹ ਮੱਧ ਪ੍ਰਦੇਸ਼ ਨੂੰ ਵਾਪਸ ਬਿਮਾਰੂ ਵਰਗ ਵੱਲ ਧੱਕ ਦੇਵੇਗੀ।

ਜਨ ਸੰਘ ਦੇ ਸਹਿ-ਬਾਨੀ ਦੀਨਦਿਆਲ ਉਪਾਧਿਆਏ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਤੇ ਭਾਜਪਾ ਦੀ ‘ਜਨ ਆਸ਼ੀਰਵਾਦ ਯਾਤਰਾਵਾਂ’ ਦੇ ਰਸਮੀ ਸਮਾਪਨ ਲਈ ਰੱਖੀ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਕਾਂਗਰਸ ਤੇ ‘ਘਮੰਡੀਆ ਗੱਠਜੋੜ’ ਵਿਚਲੇ ਇਸ ਦੇ ਭਾਈਵਾਲਾਂ ਨੇ ਮਜਬੂਰੀ ਵੱਸ ਤੇ ਜੱਕੋਤਕੀ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਦੀ ਹਮਾਇਤ ਕੀਤੀ ਕਿਉਂਕਿ ਉਨ੍ਹਾਂ ਨੂੰ ਨਾਰੀ ਸ਼ਕਤੀ ਦੀ ਤਾਕਤ ਸਮਝ ਆ ਗਈ। ਬਿੱਲ ਸੰਸਦ ਵਿਚ ਪਾਸ ਹੋਇਆ ਕਿਉਂਕਿ ‘ਮੋਦੀ ਹੈ ਤੋ ਮੁਮਕਿਨ ਹੈ।’ ਮੋਦੀ ਦਾ ਮਤਲਬ ਗਾਰੰਟੀਆਂ ਨੂੰ ਪੂਰਾ ਕਰਨ ਦੀ ਗਾਰੰਟੀ ਹੈ।’’ ਉਨ੍ਹਾਂ ਕਾਂਗਰਸ ਤੇ ਇਸ ਦੇ ਭਾਈਵਾਲਾਂ ਨੂੰ ਸੱਤਾ ਵਿੱਚ ਰਹਿਣ ਮੌਕੇ ਇਹ ਬਿੱਲ ਪਾਸ ਨਾ ਕਰਨ ਲਈ ਭੰਡਿਆ। ਉਨ੍ਹਾਂ ਕਿਹਾ ਕਿ ਜੇ ਮੌਕਾ ਮਿਲੇ ਤਾਂ ਕਾਂਗਰਸ ਮਹਿਲਾਵਾਂ ਨੂੰ ਸੰਸਦ ਤੇ ਸੂਬਾਈ ਅਸੈਂਬਲੀਆਂ ਵਿਚ 33 ਫੀਸਦ ਰਾਖਵਾਂਕਰਨ ਬਿੱਲ ’ਤੇ ਯੂ-ਟਰਨ ਵੀ ਲੈ ਸਕਦੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਆਪਣੀ ਇੱਛਾ ਸ਼ਕਤੀ ਗੁਆ ਚੁੱਕੀ ਹੈ ਤੇ ਇਸ ਦੇ ਜ਼ਮੀਨੀ ਵਰਕਰ ਖਾਮੋਸ਼ ਹੋ ਗਏ ਹਨ। ਉਨ੍ਹਾਂ ਕਿਹਾ, ‘‘ਕਾਂਗਰਸ ਪਹਿਲਾਂ (ਚੋਣਾਂ ਵਿੱਚ) ਤਬਾਹ ਹੋ ਗਈ ਤੇ ਮਗਰੋਂ ਇਸ ਦਾ ਦੀਵਾਲਾ ਨਿਕਲ ਗਿਆ। ਕਾਂਗਰਸ ਨੂੰ ਹੁਣ ਠੇਕੇ ’ਤੇ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਆਪਣੀਆਂ ਨੀਤੀਆਂ ਤੇ ਨਾਅਰਿਆਂ ਨੂੰ ਸਿੱਧਾ-ਪੁੱਠਾ ਕੀਤਾ ਜਾ ਰਿਹੈ। ਇਸ ਨੂੰ ਹੁਣ ਆਗੂ ਨਹੀਂ ਚਲਾ ਰਹੇ।’’ ਕਾਂਗਰਸ ਨੂੰ ਹੁਣ ਬਾਹਰੋਂ ਲੋਕ ਚਲਾ ਰਹੇ ਹਨ ਤੇ ਇਸ ਦਾ ਠੇਕਾ ‘ਸ਼ਹਿਰੀ ਨਕਸਲੀਆਂ’ ਨੂੰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਲਈ ਮੱਧ ਪ੍ਰਦੇਸ਼ ਦਾ ਵਿਕਸਤ ਹੋਣਾ ਵੀ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਡਿਜੀਟਲ ਅਦਾਇਗੀ ਦਾ ਵਿਰੋਧ ਕੀਤਾ, ਪਰ ਕੁੱਲ ਆਲਮ ਯੂਪੀਆਈ ਮੋਡ ਤੋਂ ਪ੍ਰਭਾਵਿਤ ਹੈ। ਇਸ ਦੌਰਾਨ ਜੈਪੁਰ ਵਿੱਚ ਇਕ ਵੱਖਰੀ ਰੈਲੀ ਮੌਕੇ ਮੋਦੀ ਨੇ ਕਿਹਾ ਕਿ ਗਹਿਲੋਤ ਸਰਕਾਰ ਨੇ ਰਾਜਸਥਾਨ ਦੇ ਨੌਜਵਾਨਾਂ ਦੇ ਪੰਜ ਅਹਿਮ ਸਾਲ ਬਰਬਾਦ ਕਰ ਦਿੱਤੇ।

Add a Comment

Your email address will not be published. Required fields are marked *