ਜੰਗਲ ’ਚੋਂ ਮਿਲੇ ਕਈ ਗਾਵਾਂ ਦੇ ਵੱਢੇ ਹੋਏ ਸਿਰ ਅਤੇ ਗਊ ਮਾਸ, ਹਿੰਦੂ ਸੰਗਠਨਾਂ ’ਚ ਰੋਹ

ਸਾਗਰ- ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਬਨਹਟ ਪਿੰਡ ਦੇ ਜੰਗਲ ’ਚੋਂ  ਗਾਵਾਂ ਦੇ ਵੱਢੇ ਹੋਏ ਸਿਰ, ਬੋਰੀਆਂ ਵਿਚ ਗਊ ਮਾਸ ਅਤੇ ਕੁਹਾੜੀ ਮਿਲੇ ਹਨ। ਪੁਲਸ ਨੇ ਅਣਪਛਾਤੇ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਬਰਾਮਦਗੀ ਦੇ ਇਕ ਦਿਨ ਬਾਅਦ ਐਤਵਾਰ ਨੂੰ ਸੰਘ ਪਰਿਵਾਰ ਦੇ ਕੁਝ ਦੱਖਣਪੰਥੀ ਸੰਗਠਨਾਂ ਨੇ ਜ਼ਿਲ੍ਹੇ ਦੀ ਖੁਰਈ ਤਹਿਸੀਲ ਦੇ ਪਰਸਾ ਚੌਰਾਹੇ ’ਤੇ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਦੀ ਛੇਤੀ ਤੋਂ ਛੇਤੀ ਗ੍ਰਿਫ਼ਤਾਰੀ ਦੀ ਮੰਗ ਕਰਦੇ ਹੋਏ ਸਬ-ਡਵੀਜ਼ਨਲ ਮੈਜਿਸਟ੍ਰੇਟ (SDM) ਨੂੰ ਇਕ ਮੰਗ ਪੱਤਰ ਸੌਂਪਿਆ।

ਖੁਰਈ ਦੇਹਾਤ ਪੁਲਸ ਥਾਣਾ ਖੇਤਰ ਦੇ ਇੰਚਾਰਜ ਨਿਤਿਨ ਪਾਲ ਨੇ ਦੱਸਿਆ ਕਿ ਖੁਰਈ-ਸਾਗਰ ਰਾਸ਼ਟਰੀ ਹਾਈਵੇਅ ’ਤੇ ਸਥਿਤ ਬਨਹਟ ਪਿੰਡ ਦੇ ਜੰਗਲ ਵਿਚੋਂ ਸ਼ਨੀਵਾਰ ਨੂੰ ਕੁਝ ਗਾਵਾਂ ਦੇ ਜੰਗਲ ਵਿਚ ਬੰਨ੍ਹੇ ਹੋਣ ਅਤੇ 2 ਗਾਵਾਂ ਦੀਆਂ ਲਾਸ਼ਾਂ ਪਈਆਂ ਹੋਣ ਦੀ ਸੂਚਨਾ ਜੰਗਲਾਤ ਵਿਭਾਗ ਤੋਂ ਪ੍ਰਾਪਤ ਹੋਈ। ਉਨ੍ਹਾਂ ਦੱਸਿਆ ਕਿ ਨੇੜੇ ਹੀ ਕਈ ਬੋਰੀਆਂ ਵਿਚ ਭਰਿਆ ਗਊ ਮਾਸ ਵੀ ਮਿਲਿਆ। ਉਨ੍ਹਾਂ ਕਿਹਾ ਕਿ ਨਾਲ ਹੀ ਕੁਹਾੜੀ ਵੀ ਬਰਾਮਦ ਹੋਈ ਹੈ।

ਦੱਸ ਦੇਈਏ ਕਿ ਬਨਹਟ ਸਾਗਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 55 ਕਿਲੋਮੀਟਰ ਦੂਰ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੀ ਨਜ਼ਰੇ ਲੱਗ ਰਿਹਾ ਹੈ ਕਿ ਇਨ੍ਹਾਂ ਗਾਵਾਂ ਨੂੰ ਕੁਹਾੜੀ ਨਾਲ ਵੱਢਿਆ ਗਿਆ ਹੈ। ਗਸ਼ਤ ਦੌਰਾਨ ਜੰਗਲਾਤ ਵਿਭਾਗ ਦੇ ਸੁਰੱਖਿਆ ਕਾਮਿਆਂ ਦੇ ਆਉਣ ਦੀ ਸੂਚਨਾ ਮਿਲਣ ’ਤੇ ਦੋਸ਼ੀ ਉੱਥੋਂ ਦੌੜ ਗਏ। ਪੁਲਸ ਨੇ ਗਊ ਮਾਸ ਅਤੇ ਗਾਵਾਂ ਦੀਆਂ ਲਾਸ਼ਾਂ ਨੂੰ ਜੇ. ਸੀ. ਬੀ. ਨਾਲ ਟੋਇਆ ਪੁੱਟ ਕੇ ਜ਼ਮੀਨ ’ਚ ਦਫ਼ਨਾ ਦਿੱਤਾ ਹੈ। ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮੱਧ ਪ੍ਰਦੇਸ਼ ਗਊ ਹੱਤਿਆ ਰੋਕੂ ਕਾਨੂੰਨ ਅਤੇ ਪਸ਼ੂਆਂ ਲਈ ਬੇਰਹਿਮੀ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਿਤਿਨ ਪਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Add a Comment

Your email address will not be published. Required fields are marked *