ਮੁਕਤਸਰ ਬੱਸ ਹਾਦਸੇ ’ਚ ਹੁਣ ਤਕ ਦਾ ਸਭ ਤੋਂ ਵੱਡਾ ਖ਼ੁਲਾਸਾ

ਸ੍ਰੀ ਮੁਕਤਸਰ ਸਾਹਿਬ : ਸਰਹਿੰਦ ਫੀਡਰ ਨਹਿਰ ਵਿਚ ਯਾਤਰੀਆਂ ਨਾਲ ਭਰੀ ਬੱਸ ਡਿੱਗਣ ਦੇ ਮਾਮਲੇ ਵਿਚ ਥਾਣਾ ਬਰੀਵਾਲਾ ਪੁਲਸ ਨੇ ਬੱਸ ਚਾਲਕ ਅਤੇ ਪਰਿਚਾਲਕ ਖਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਸ਼ਿਕਾਇਤਕਰਤਾ ਨੇ ਦੱਸਿਆ ਕਿ ਬਾਰਿਸ਼ ਦੇ ਮੌਸਮ ਵਿਚ ਵੀ ਬੱਸ ਚਾਲਕ ਕਥਿਤ ਰੂਪ ਵਿਚ ਤੇਜ਼ ਰਫ਼ਤਾਰ ਨਾਲ ਬੱਚ ਚਲਾ ਰਿਹਾ ਸੀ। ਚਾਲਕ ਦੀ ਕਥਿਤ ਲਾਪਰਵਾਈ ਨਾਲ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਲੋਕ ਜ਼ਖ਼ਮੀ ਹੋ ਗਏ, ਉੱਥੇ ਹੀ ਕੁੱਝ ਯਾਤਰੀ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਬੁੱਧਵਾਰ ਨੂੰ ਵੀ ਐੱਨ. ਡੀ. ਆਰ. ਐੱਫ. ਟੀਮਾਂ ਭਾਲ ਕਰ ਰਹੀਆਂ ਸਨ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪਿੰਡ ਕੱਟਿਆਂਵਾਲੀ ਨਿਵਾਸੀ ਤਾਰ ਸਿੰਘ ਪੁੱਤਰ ਪਿਆਰਾ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਪ੍ਰੀਤਮ ਉਰਫ਼ ਪ੍ਰੀਤੋ ਪਤਨੀ ਹਰਜੀਤ ਸਿੰਘ ਨਿਵਾਸੀ ਮੁਗਲਵਾਲਾ ਪੱਟੀ ਤਰਨਤਾਰਨ ਦੋ ਦਿਨ ਪਹਿਲਾਂ ਉਸਨੂੰ ਮਿਲਣ ਲਈ ਕੱਟਿਆਂਵਾਲੀ ਆਈ ਹੋਈ ਸੀ। ਜਿਸ ਨੂੰ ਉਹ ਪਿੰਡ ਮੁਗਲਵਾਲਾ ਛੱਡਣ ਲਈ ਜਾ ਰਹੇ ਸਨ। ਉਹ ਮਲੋਟ ਬੱਸ ਸਟੈਂਡ ਤੋਂ ਨਿਊ ਟੀਮ ਟ੍ਰੈਵਲ ਕੰਪਨੀ ਦੀ ਨਿੱਜੀ ਬੱਸ ਅੰਮ੍ਰਿਤਸਰ ਜਾਣ ਲਈ ਬੈਠੇ ਸਨ। ਇਸ ਦੌਰਾਨ ਬੱਸ ਦਾ ਕੰਡਕਟਰ ਹਰਜੀਤ ਸਿੰਘ ਚਾਲਕ ਪੁਸ਼ਪਿੰਦਰ ਸਿੰਘ ਨੂੰ ਇਹ ਕਹਿ ਰਿਹਾ ਸੀ ਕਿ ਬੱਸ ਤੇਜ਼ ਰਫ਼ਤਾਰ ਵਿਚ ਲੈ ਕੇ ਚੱਲੋ ਕਿਉਂਕਿ ਜਲਦੀ ਪਹੁੰਚਣਾ ਹੈ। ਮਲੋਟ ਤੋਂ ਦੁਪਹਿਰ 12 ਵਜੇ ਚਾਲਕ ਬੱਸ ਤੇਜ਼ ਰਫ਼ਤਾਰ ਨਾਲ ਚਲਾਉਣੀ ਸ਼ੁਰੂ ਕਰ ਦਿੱਤੀ। ਰਸਤੇ ਵਿਚ ਇਹ ਮੁਕਤਸਰ ਤੱਕ ਵੀ ਲਗਾਤਾਰ ਬੱਸ ਭਜਾਉਂਦਾ ਲਿਆ। 

ਮੁਕਤਸਰ ਦੇ ਪਿੰਡ ਵੜਿੰਗ ਟੋਲ ਪਲਾਜ਼ਾ ਦੇ ਕੋਲ ਸੜਕ ਖਰਾਬ ਹੋਣ ਅਤੇ ਬਾਰਿਸ਼ ਹੋਣ ਦੀ ਗੱਲ ਕਹਿੰਦੇ ਹੋਏ ਉਨ੍ਹਾਂ ਨੇ ਚਾਲਕ ਅਤੇ ਕੰਡਕਟਰ ਨੂੰ ਬੱਸ ਹੌਲੀ ਚਲਾਉਣ ਨੂੰ ਵੀ ਕਿਹਾ ਸੀ ਪਰ ਉਨ੍ਹਾਂ ਨੇ ਇਕ ਨਾ ਸੁਣੀ। ਜਿਸ ਕਾਰਨ ਬੱਸ ਸੰਤੁਲਨ ਖੋ ਕੇ ਨਹਿਰ ਵਿਚ ਡਿੱਗੀ। ਇਹ ਹਾਦਸਾ ਬੱਸ ਚਾਲਕ ਅਤੇ ਕੰਡਕਟਰ ਦੀ ਲਾਪਰਵਾਹੀ ਨਾਲ ਹੋਇਆ ਹੈ। ਦੋਵੇਂ ਖੁਦ ਤਾਂ ਛਾਲ ਮਾਰ ਕੇ ਭੱਜ ਨਿਕਲੇ, ਲੋਕਾਂ ਦੀ ਜਾਨ ਖਤਰੇ ਵਿਚ ਪਾ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਬਰੀਵਾਲਾ ਵਿਚ ਤਾਇਨਾਤ ਏ. ਐੱਸ. ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਬੱਸ ਪੁਸ਼ਪਿੰਦਰ ਸਿੰਘ ਅਤੇ ਕੰਡਕਟਰ ਹਰਜੀਤ ਸਿੰਘ ਦੇ ਖ਼ਿਲਾਫ਼ 304 ਏ, 279, 337, 427 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵਾਂ ਦੀ ਅਜੇ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਮੁਕਤਸਰ ਦੇ ਸਮਾਜਸੇਵੀ ਅਸ਼ੋਕ ਚੁੱਘ ਨੇ ਇਸ ਹਾਦਸੇ ਲਈ ਬੱਸ ਚਾਲਕ ਦੀ ਕਥਿਤ ਲਾਪਰਵਾਹੀ ਦੇ ਨਾਲ-ਨਾਲ ਟੋਲ ਪਲਾਜ਼ਾ ਸੰਚਾਲਕਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ। ਅਸ਼ੋਕ ਚੁੱਘ ਦਾ ਕਹਿਣਾ ਹੈ ਕਿ ਇਸ ਹਾਦਸੇ ਲਈ ਟੋਲ ਪਲਾਜ਼ਾ ਸੰਚਾਲਕ ਵੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ, ਕਿਉਂਕਿ ਟੋਲ ਪਲਾਜ਼ਾ ’ਤੇ ਵਾਹਨਾਂ ਦੀ ਪਰਚੀ ਤਾਂ ਕੱਟੀ ਜਾਂਦੀ ਹੈ ਪਰ ਅਨੇਕਾਂ ਵਾਰ ਧਰਨਾ ਪ੍ਰਦਰਸ਼ਨ ਦੇ ਬਾਵਜੂਦ ਵੀ ਪੁੱਲ ਨੂੰ ਚੌੜਾ ਨਹੀਂ ਕੀਤਾ ਗਿਆ। ਕਰੀਬ 10 ਸਾਲਾਂ ਤੋਂ ਰੋਡ ’ਤੇ ਸਰੀਏ ਅਤੇ ਹੋਰ ਸਮਾਨ ਜਿਉਂ ਦਾ ਤਿਉਂ ਪਿਆ ਹੈ ਪਰ ਰੋਡ ਅੱਜ ਤੱਕ ਚੌੜੀ ਨਹੀਂ ਕੀਤੀ ਗਈ, ਜੇਕਰ ਇਸ ਪੁੱਲ ਦੀ ਰੋਡ ਨੂੰ ਚੌੜਾ ਕਰ ਦਿੱਤਾ ਗਿਆ ਹੁੰਦਾ ਤਾਂ ਸ਼ਾਇਦ ਅੱਜ ਇਹ ਹਾਦਸਾ ਨਾ ਹੁੰਦਾ। ਉਨ੍ਹਾਂ ਨੇ ਸਰਕਾਰ ਤੋਂ ਇਸ ਟੋਲ ਪਲਾਜ਼ਾ ਨੂੰ ਬੰਦ ਕਰਨ ਦੀ ਮੰਗ ਕਰਦੇ ਹੋਏ ਟੋਲ ਪਲਾਜ਼ਾ ਸੰਚਾਲਕਾਂ ਅਤੇ ਬੱਸ ਮਾਲਕਾਂ ਤੋਂ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਜ਼ਖ਼ਮੀਆਂ ਨੂੰ ਉੱਚਿਤ ਮੁਆਵਜ਼ਾ ਦਿਵਾਉਣ ਦੀ ਮੰਗ ਕੀਤੀ ਹੈ।

Add a Comment

Your email address will not be published. Required fields are marked *