ਨਸ਼ੇ ‘ਚ ਟੱਲੀ ਨੌਜਵਾਨਾਂ ਦੀ ਹਸਪਤਾਲ ‘ਚ ਗੁੰਡਾਗਰਦੀ, ਡਾਕਟਰ ਨੂੰ ਕੁੱਟਦਿਆਂ ਪਾੜੇ ਕੱਪੜੇ

ਲੁਧਿਆਣਾ: ਸ਼ਹਿਰ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ’ਚ ਇਨ੍ਹਾਂ ਦਿਨਾਂ ’ਚ ਡਾਕਟਰਾਂ ਨਾਲ ਆਮ ਕਰ ਕੇ ਬਦਸਲੂਕੀ ਹੋ ਰਹੀ ਹੈ। ਮੈਡੀਕਲ ਕਰਵਾਉਣ ਆਉਣ ਵਾਲੇ ਲੋਕ ਡਾਕਟਰਾਂ ਨਾਲ ਦੁਰ-ਵਿਵਹਾਰ ਕਰਦੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ‘ਚ ਮੈਡੀਕਲ ਕਰਵਾਉਣ ਆਏ 3 ਨੌਜਵਾਨਾਂ ਨੇ ਉੱਥੇ ਤਾਇਨਾਤ ਡਾਕਟਰਾਂ ਨਾਲ ਕੁੱਟਮਾਰ ਕੀਤੀ ਅਤੇ ਇਕ ਡਾਕਟਰ ਦੀ ਕਮੀਜ਼ ਵੀ ਪਾੜ ਦਿੱਤੀ। ਮੌਕੇ ’ਤੇ ਪੁੱਜੀ ਸਿਵਲ ਹਸਪਤਾਲ ਚੌਂਕੀ ਦੀ ਪੁਲਸ ਨੇ ਤਿੰਨੋਂ ਮੁਲਜ਼ਮਾਂ ਨੂੰ ਫੜ੍ਹ ਲਿਆ। ਉਨ੍ਹਾਂ ਖ਼ਿਲਾਫ਼ ਕੁੱਟਮਾਰ ਅਤੇ ਸਰਕਾਰੀ ਡਿਊਟੀ ’ਚ ਰੁਕਾਵਟ ਪਾਉਣ ਦਾ ਕੇਸ ਦਰਜ ਕੀਤਾ ਗਿਆ ਹੈ।

ਮੁਲਜ਼ਮ ਸੋਹਣ ਸਿੰਘ, ਰਾਜਵੀਰ ਸਿੰਘ ਅਤੇ ਸੰਦੀਪ ਹਨ। ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਡਾ. ਚਰਨ ਕਮਲ (ਫੋਰੈਂਸਿਕ ਐਕਸਪਰਟ) ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ’ਚ ਬਤੌਰ ਮੈਡੀਕਲ ਅਧਿਕਾਰੀ ਤਾਇਨਾਤ ਹਨ। ਹਸਪਤਾਲ ‘ਚ ਇਕ ਰਾਤ ਉਹ ਬਤੌਰ ਨੋਡਲ ਅਧਿਕਾਰੀ ਐਮਰਜੈਂਸੀ ਦੇ ਅੰਦਰ ਡਿਊਟੀ ’ਤੇ ਸਨ। ਰਾਤ ਕਰੀਬ 12 ਵਜੇ ਮੈਡੀਕਲ ਕਰਵਾਉਣ ਲਈ ਉਨ੍ਹਾਂ ਕੋਲ 3 ਨੌਜਵਾਨ ਆਏ ਸਨ, ਜਿਨ੍ਹਾਂ ਨੇ ਸ਼ਰਾਬ ਪੀ ਰੱਖੀ ਸੀ। ਐਮਰਜੈਂਸੀ ‘ਚ ਆ ਕੇ ਉਕਤ ਮੁਲਜ਼ਮਾਂ ਨੇ ਪਹਿਲਾਂ ਸਕਿਓਰਿਟੀ ਗਾਰਡ ਨਾਲ ਧੱਕਾ-ਮੁੱਕੀ ਕੀਤੀ ਸੀ ਅਤੇ ਡਾਕਟਰ ਦੇ ਰੂਮ ’ਚ ਜਾ ਕੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ।

PunjabKesari

ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸਮਝਾਉਣ ਲਈ ਗਏ ਸਨ ਪਰ ਮੁਲਜ਼ਮਾਂ ਨੇ ਗੱਲ ਸੁਣਨ ਦੀ ਬਜਾਏ ਉਲਟਾ ਉਨ੍ਹਾਂ ਦੇ ਗਲੇ ਨੂੰ ਹੱਥ ਪਾ ਲਿਆ ਅਤੇ ਪਾਈ ਹੋਈ ਕਮੀਜ਼ ਦੇ ਬਟਨ ਤੋੜ ਦਿੱਤੇ। ਇਸ ਦੌਰਾਨ ਮੁਲਜ਼ਮ ਰਾਜਵੀਰ ਨੇ ਡਾਕਟਰ ਦੇ ਹੱਥ ’ਤੇ ਦੰਦੀ ਵੱਢੀ, ਜਿਸ ਕਾਰਨ ਉਨ੍ਹਾਂ ਦੇ ਹੱਥ ਤੋਂ ਖੂਨ ਨਿਕਲਣ ਲੱਗ ਪਿਆ। ਮੁਲਜ਼ਮ ਸੰਦੀਪ ਨੇ ਹੱਥ ’ਚ ਪਹਿਨੇ ਲੋਹੇ ਦੇ ਕੜੇ ਨਾਲ ਉਨ੍ਹਾਂ ਦੇ ਟੇਬਲ ਦਾ ਸ਼ੀਸ਼ਾ ਵੀ ਤੋੜ ਦਿੱਤਾ। ਮੁਲਜ਼ਮਾਂ ਨੇ ਉਨ੍ਹਾਂ ਨੂੰ ਫੜ੍ਹ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਨਤਾ ਨੇ ਉਨ੍ਹਾਂ ਨੂੰ ਬਚਾਇਆ ਅਤੇ ਚੌਂਕੀ ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਫੜ੍ਹ ਲਿਆ। ਉਧਰ, ਏ. ਐੱਸ. ਆਈ. ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਜਾਵੇਗਾ।

Add a Comment

Your email address will not be published. Required fields are marked *