ਅਮਰੀਕਾ, ਆਸਟ੍ਰੇਲੀਆ ਨੇ ਟਰੂਡੋ ਨੂੰ ਕਿਹਾ-ਭਾਰਤ ਨਾਲ ਵਾਰਤਾ ਰੱਖਾਂਗੇ ਜਾਰੀ

ਵਾਸ਼ਿੰਗਟਨ – ਅਮਰੀਕੀ ਅਖਬਾਰ ‘ਵਾਸ਼ਿੰਗਟਨ ਪੋਸਟ’ ਦੀ ਖਬਰ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਪੱਛਮੀ ਸਹਿਯੋਗੀਆਂ ਅਮਰੀਕਾ, ਆਸਟ੍ਰੇਲੀਆ ਆਦਿ ਨੂੰ ਹਰਦੀਪ ਸਿੰਘ ਨਿੱਝਰ ’ਤੇ ਭਾਰਤ ਖਿਲਾਫ ਸਾਂਝਾ ਬਿਆਨ ਜਾਰੀ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਅਮਰੀਕਾ ਸਮੇਤ ਸਾਰਿਆਂ ਨੇ ਮੋਦੀ ਸਰਕਾਰ ਦੇ ਡਿਪਲੋਮੈਟਿਕ ਪ੍ਰਤੀਕਿਰਿਆ ਦੇ ਡਰ ਕਾਰਨ ਕੈਨੇਡਾ ਦਾ ਪੱਖ ਲੈਣ ਤੋਂ ਇਨਕਾਰ ਕਰ ਦਿੱਤਾ।

ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਲਾਏ ਗਏ ਦੋਸ਼ਾਂ ਤੋਂ ਅਸੀਂ ਚਿੰਤਤ ਹਾਂ। ਅਸੀਂ ਆਪਣੇ ਕੈਨੇਡੀਅਨ ਸਾਥੀਆਂ ਨਾਲ ਨਿਯਮਤ ਸੰਪਰਕ ’ਚ ਹਾਂ। ਇਹ ਮਹੱਤਵਪੂਰਨ ਹੈ ਕਿ ਕੈਨੇਡੀਅਨ ਜਾਂਚ ਅੱਗੇ ਵਧੇ ਅਤੇ ਅਪਰਾਧੀਆਂ ਨੂੰ ਨਿਆਂ ਦੇ ਘੇਰੇ ’ਚ ਲਿਆਂਦਾ ਜਾਵੇ। ਅਸੀਂ ਭਾਰਤ ਸਰਕਾਰ ਨੂੰ ਕੈਨੇਡਾ ਦੀ ਜਾਂਚ ’ਚ ਸਹਿਯੋਗ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਅਪੀਲ ਕਰਦੇ ਹਾਂ ਕਿ ਇਸ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ।

ਉੱਧਰ ਬ੍ਰਿਟਿਸ਼ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ’ਚ ਸਿੱਖ ਵੱਖਵਾਦੀ ਨੇਤਾ ਦੀ ਹੱਤਿਆ ਨਾਲ ਸਬੰਧਤ ਗੰਭੀਰ ਦੋਸ਼ਾਂ ਕਾਰਨ ਭਾਰਤ ਨਾਲ ਜਾਰੀ ਵਪਾਰਕ ਗੱਲਬਾਤ ’ਤੇ ਕੋਈ ਅਸਰ ਨਹੀਂ ਪਵੇਗਾ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੇ ਬੁਲਾਰੇ ਤੋਂ ਪ੍ਰਧਾਨ ਮੰਤਰੀ ਦਫ਼ਤਰ ‘10 ਡਾਊਨਿੰਗ ਸਟ੍ਰੀਟ’ ਵਿਖੇ ਇਸ ਮੁੱਦੇ ਕਾਰਨ ਭਾਰਤ-ਬ੍ਰਿਟੇਨ ਸਬੰਧਾਂ ’ਤੇ ਪੈਣ ਵਾਲੇ ਅਸਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬ੍ਰਿਟੇਨ ਕੈਨੇਡਾ ਦੇ ਅਧਿਕਾਰੀਆਂ ਨਾਲ ਨੇੜਲੇ ਸੰਪਰਕ ’ਚ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਨੂੰ ਦੱਸਿਆ ਸੀ ਕਿ ਖਾਲਿਸਤਾਨੀ ਵੱਖਵਾਦੀ ਨੇਤਾ, ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਅਤੇ ਨਾਮਜ਼ਦ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤ ਦਾ ਹੱਥ ਹੋਣ ਦੇ ‘ਭਰੋਸੇਯੋਗ ਦੋਸ਼ਾਂ’ ਦੀ ਜਾਂਚ ਕੀਤੀ ਜਾ ਰਹੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਨ੍ਹਾਂ ਦਾਅਵਿਆਂ ਨੂੰ ਬੇਤੁਕੇ ਅਤੇ ਬੇਬੁਨਿਆਦ ਦੱਸਦਿਆਂ ਖਾਰਿਜ ਕਰ ਦਿੱਤਾ।

Add a Comment

Your email address will not be published. Required fields are marked *