ਪਾਕਿਸਤਾਨ ਤੋਂ ਪਹਿਲੀ ਵਾਰ ਚੁਣੀ ਗਈ ਮਿਸ ਯੂਨੀਵਰਸ ਕੰਟੈਸਟੈਂਟ

ਇਸਲਾਮਾਬਾਦ : ਇਤਿਹਾਸ ‘ਚ ਪਹਿਲੀ ਵਾਰ ਪਾਕਿਸਤਾਨ ਤੋਂ ਮਿਸ ਯੂਨੀਵਰਸ ਕੰਟੈਸਟੈਂਟ ਚੁਣੇ ਜਾਣ ‘ਤੇ ਦੇਸ਼ ‘ਚ ਹੰਗਾਮਾ ਹੋ ਗਿਆ ਹੈ। ਮਿਸ ਯੂਨੀਵਰਸ ਮੁਕਾਬਲੇ ਲਈ ਚੁਣੀ ਗਈ ਪਾਕਿਸਤਾਨ ਦੀ 24 ਸਾਲਾ ਏਰਿਕਾ ਰੌਬਿਨ (Erica Robin) ਕਰਾਚੀ ਦੀ ਇਕ ਮਾਡਲ ਹੈ। ਪਾਕਿਸਤਾਨ ਦੀ ਤਰਫੋਂ ਮਿਸ ਯੂਨੀਵਰਸ ਕੰਟੈਸਟੈਂਟ ਚੁਣਨ ਲਈ ਮਾਲਦੀਵ ਦੇ ਇਕ ਰਿਜ਼ੋਰਟ ‘ਚ ਸਮਾਗਮ ਕਰਵਾਇਆ ਗਿਆ, ਜਿਸ ‘ਤੇ ਖੁਸ਼ੀ ਜ਼ਾਹਿਰ ਕਰਨ ਦੀ ਬਜਾਏ ਪਾਕਿਸਤਾਨੀ ਸਰਕਾਰ ਤੋਂ ਲੈ ਕੇ ਉੱਥੋਂ ਦੀ ਖੁਫੀਆ ਏਜੰਸੀ ਤੱਕ ਹਰ ਕੋਈ ਨਾਰਾਜ਼ ਹੈ ਅਤੇ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਅਜਿਹਾ ਕਿਵੇਂ ਸੰਭਵ ਹੋ ਗਿਆ।

ਏਰਿਕਾ ਦਾ ਜਨਮ 14 ਸਤੰਬਰ 1999 ਨੂੰ ਕਰਾਚੀ ਵਿੱਚ ਇਕ ਈਸਾਈ ਪਰਿਵਾਰ ‘ਚ ਹੋਇਆ ਸੀ। ਉਸ ਨੇ 2014 ਵਿੱਚ ਸੇਂਟ ਪੈਟ੍ਰਿਕ ਗਰਲਜ਼ ਹਾਈ ਸਕੂਲ ਕਰਾਚੀ ਤੋਂ ਗ੍ਰੈਜੂਏਸ਼ਨ ਕੀਤੀ। ਲਗਭਗ 6 ਸਾਲਾਂ ਬਾਅਦ ਏਰਿਕਾ ਨੇ ਜਨਵਰੀ 2020 ਵਿੱਚ ਮਾਡਲਿੰਗ ‘ਚ ਪ੍ਰਵੇਸ਼ ਕੀਤਾ। ਜੁਲਾਈ 2020 ਵਿੱਚ ਉਸ ਨੂੰ ਪਾਕਿਸਤਾਨ ਦੀ DIVA ਮੈਗਜ਼ੀਨ ਵਿੱਚ ਜਗ੍ਹਾ ਮਿਲੀ। ਮਾਡਲਿੰਗ ਤੋਂ ਇਲਾਵਾ ਏਰਿਕਾ ਨੇ ਫਲੋ ਡਿਜੀਟਲ ‘ਤੇ ਸਹਾਇਕ ਮੈਨੇਜਰ ਵਜੋਂ ਵੀ ਕੰਮ ਕੀਤਾ ਹੈ। ਹੁਣ ਏਰਿਕਾ 18 ਨਵੰਬਰ 2023 ਨੂੰ ਸੈਨ ਸਾਲਵਾਡੋਰ ਵਿੱਚ ਹੋਣ ਵਾਲੇ ਮਿਸ ਯੂਨੀਵਰਸ 2023 ਮੁਕਾਬਲੇ ‘ਚ ਪਾਕਿਸਤਾਨ ਦੀ ਨੁਮਾਇੰਦਗੀ ਕਰੇਗੀ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਵੱਲੋਂ ਮਿਸ ਯੂਨੀਵਰਸ ਮੁਕਾਬਲੇਬਾਜ਼ ਚੁਣਨ ਲਈ ਆਯੋਜਿਤ ਸਮਾਗਮ ਨੂੰ ਸਰਕਾਰ ਤੋਂ ਇਜਾਜ਼ਤ ਨਹੀਂ ਲਈ ਗਈ ਸੀ।

ਕੇਅਰ ਟੇਕਰ ਪ੍ਰਧਾਨ ਮੰਤਰੀ ਅਨਵਰ ਉਲ ਹੱਕ ਕਾਕੜ ਨੇ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਿਸ ਕੰਪਨੀ ਨੇ ਇਸ ਈਵੈਂਟ ਦਾ ਆਯੋਜਨ ਕਰਵਾਇਆ, ਉਹ ਵੀ ਪਾਕਿਸਤਾਨ ਦੀ ਨਹੀਂ ਸਗੋਂ ਯੂ.ਏ.ਈ. ਦੀ ਹੈ। ਇੰਟੈਲੀਜੈਂਸ ਬਿਊਰੋ ਨੇ ਪੀਐੱਮ ਨੂੰ ਸੌਂਪੀ ਰਿਪੋਰਟ ਵਿੱਚ ਕਿਹਾ ਹੈ ਕਿ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਦਾ ਲਾਇਸੈਂਸ ਦੁਬਈ ਸਥਿਤ ਇਕ ਕੰਪਨੀ ਯੂਜੇਨ ਪਬਲਿਸ਼ਿੰਗ ਨੇ ਹਾਸਲ ਕੀਤਾ ਸੀ। ਸਰਕਾਰ ਦੀ ਨਾਰਾਜ਼ਗੀ ਤੋਂ ਅਣਜਾਣ ਰੌਬਿਨ ਏਰਿਕਾ ਲੋਕਾਂ ਨੂੰ ਪਾਕਿਸਤਾਨੀ ਖਾਣਾ ਟ੍ਰਾਈ ਕਰਨ ਅਤੇ ਬਰਫ਼ ਨਾਲ ਢਕੇ ਪਹਾੜਾਂ ਵਰਗੇ ਸੁੰਦਰ ਨਜ਼ਾਰਿਆਂ ਦਾ ਆਨੰਦ ਲੈਣ ਲਈ ਆਪਣੇ ਦੇਸ਼ ਆਉਣ ਦਾ ਸੱਦਾ ਦੇ ਰਹੀ ਹੈ, ਜਦਕਿ ਪਾਕਿਸਤਾਨ ਦੇ ਕੁਝ ਸੰਸਦ ਮੈਂਬਰਾਂ ਅਤੇ ਧਾਰਮਿਕ ਆਗੂਆਂ ਨੇ ਇਸ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਮਿਸ ਯੂਨੀਵਰਸ ਵੈੱਬਸਾਈਟ ਮੁਤਾਬਕ ਕੋਈ ਵੀ ਪ੍ਰਾਈਵੇਟ ਕੰਪਨੀ ਮਿਸ ਯੂਨੀਵਰਸ ਕੰਟੈਸਟੈਂਟ ਦੇ ਨਾਂ ਭੇਜ ਸਕਦੀ ਹੈ। ਇਸ ਦੇ ਲਈ ਕਿਸੇ ਵੀ ਦੇਸ਼ ਦੀ ਸਰਕਾਰ ਦੀ ਇਜਾਜ਼ਤ ਦੀ ਲੋੜ ਨਹੀਂ ਹੈ। ਕੰਪਨੀ ਨੂੰ ਮੁਕਾਬਲੇ ਵਿੱਚ ਹਿੱਸਾ ਲੈਣ ਲਈ 200 ਅਰਜ਼ੀਆਂ ਪ੍ਰਾਪਤ ਹੋਈਆਂ ਸਨ।

ਪਾਕਿਸਤਾਨ ਦੀ ਕੇਅਰ ਟੇਕਰ ਸਰਕਾਰ ‘ਚ ਮੰਤਰੀ ਮੁਰਤਜ਼ਾ ਸੋਲਾਂਗੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ ਕਿ ਇੱਥੇ ਸਿਰਫ਼ ਸਰਕਾਰੀ ਅਦਾਰੇ ਹੀ ਪਾਕਿਸਤਾਨ ਅਤੇ ਉਸ ਦੀ ਸਰਕਾਰ ਦੀ ਪ੍ਰਤੀਨਿਧਤਾ ਕਰ ਸਕਦੇ ਹਨ। ਕੋਈ ਹੋਰ ਪ੍ਰਾਈਵੇਟ ਅਦਾਰੇ ਜਾਂ ਕੰਪਨੀਆਂ ਸਾਡੇ ਵੱਲੋਂ ਕੋਈ ਫ਼ੈਸਲਾ ਨਹੀਂ ਲੈ ਸਕਦੀਆਂ। ਉਨ੍ਹਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਜਮਾਤ-ਏ-ਇਸਲਾਮੀ ਦੇ ਸੰਸਦ ਮੈਂਬਰ ਮੁਸ਼ਤਾਕ ਅਹਿਮਦ ਖਾਨ ਨੇ ਸਰਕਾਰ ਤੋਂ ਇਸ ਮਾਮਲੇ ‘ਚ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਕਿ ਮਿਸ ਯੂਨੀਵਰਸ ਮੁਕਾਬਲੇ ‘ਚ ਹਿੱਸਾ ਲੈਣਾ ਪਾਕਿਸਤਾਨ ਦੀਆਂ ਔਰਤਾਂ ਲਈ ਸ਼ਰਮ ਵਾਲੀ ਗੱਲ ਹੈ।

Add a Comment

Your email address will not be published. Required fields are marked *