ਅਮਰੀਕਾ ‘ਚ 16 ਸਾਲਾ ਭਾਰਤੀ-ਅਮਰੀਕੀ ਮੁੰਡੇ ਨੇ ‘ਗੋਲਡਨ ਗੇਟ ਬ੍ਰਿਜ’ ਤੋਂ ਮਾਰੀ ਛਾਲ

ਵਾਸ਼ਿੰਗਟਨ- ਸੈਨ ਫਰਾਂਸਿਸਕੋ ਦੇ ਮਸ਼ਹੂਰ ‘ਗੋਲਡਨ ਗੇਟ ਬ੍ਰਿਜ’ ਤੋਂ ਇਕ ਭਾਰਤੀ-ਅਮਰੀਕੀ ਨੌਜਵਾਨ ਨੇ ਕਥਿਤ ਤੌਰ ‘ਤੇ ਛਾਲ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ। ਉਸ ਦੇ ਮਾਤਾ-ਪਿਤਾ ਅਤੇ ਅਮਰੀਕੀ ਕੋਸਟ ਗਾਰਡ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲ ‘ਤੇ 16 ਸਾਲਾ ਮੁੰਡੇ ਦੀ ਸਾਈਕਲ, ਫ਼ੋਨ ਅਤੇ ਬੈਗ ਮਿਲਿਆ ਹੈ। ਮੰਨਿਆ ਜਾ ਰਿਹਾ ਹੈ ਕਿ 12ਵੀਂ ਜਮਾਤ ਦੇ ਵਿਦਿਆਰਥੀ ਨੇ ਮੰਗਲਵਾਰ ਸ਼ਾਮ ਕਰੀਬ 4.58 ਵਜੇ ਪੁਲ ਤੋਂ ਛਾਲ ਮਾਰ ਦਿੱਤੀ ਸੀ।

ਕੋਸਟ ਗਾਰਡ ਨੇ ਕਿਹਾ ਕਿ ਉਨ੍ਹਾਂ ਨੇ ਪੁਲ ਤੋਂ “ਕਿਸੇ” ਦੇ ਛਾਲ ਮਾਰਨ ਦੀ ਸੂਚਨਾ ਮਿਲਣ ਤੋਂ ਬਾਅਦ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਮੁੰਡੇ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ। ਕਮਿਊਨਿਟੀ ਆਗੂ ਅਜੈ ਜੈਨ ਭੂਟੋਰੀਆ ਨੇ ਕਿਹਾ ਕਿ ਕਿਸੇ ਭਾਰਤੀ-ਅਮਰੀਕੀ ਵੱਲੋਂ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵਿਚ ਗੋਲਡਨ ਬ੍ਰਿਜ ਤੋਂ ਛਾਲ ਮਾਰਨ ਦਾ ਇਹ ਚੌਥਾ ਮਾਮਲਾ ਹੈ। ‘ਬ੍ਰਿਜ ਰੇਲ ਫਾਊਂਡੇਸ਼ਨ’ ਮੁਤਾਬਕ ਪਿਛਲੇ ਸਾਲ 25 ਲੋਕਾਂ ਨੇ ਇੱਥੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਸੀ।

1937 ਵਿੱਚ ਪੁਲ ਦੇ ਖੁੱਲ੍ਹਣ ਤੋਂ ਬਾਅਦ, ਇੱਥੇ ਲਗਭਗ 2,000 ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ ਹਨ। ਸੂਬਾ ਸਰਕਾਰ 1.7 ਮੀਲ ਲੰਬੇ ਪੁਲ ਦੇ ਦੋਵੇਂ ਪਾਸੇ 20 ਫੁੱਟ ਚੌੜਾ ਲੋਹੇ ਦਾ ਜਾਲ ਲਗਾਉਣ ਦਾ ਕੰਮ ਕਰ ਰਹੀ ਹੈ। ਇਸ ਦਾ ਕੰਮ ਇਸ ਸਾਲ ਜਨਵਰੀ ਤੱਕ ਪੂਰਾ ਹੋਣਾ ਸੀ, ਪਰ ਅਜੇ ਤੱਕ ਇਹ ਨਹੀਂ ਹੋ ਸਕਿਆ ਹੈ। ਇਸਦੀ ਉਸਾਰੀ ਦੀ ਲਾਗਤ 13.72 ਕਰੋੜ ਡਾਲਰ ਤੋਂ ਵਧ ਕੇ ਲਗਭਗ 38.66 ਕਰੋੜ ਡਾਲਰ ਹੋ ਗਈ ਹੈ। ਇਸ ਪ੍ਰੋਜੈਕਟ ‘ਤੇ ਕੰਮ 2018 ਵਿੱਚ ਸ਼ੁਰੂ ਹੋਇਆ ਸੀ।

Add a Comment

Your email address will not be published. Required fields are marked *