ਕੋਟਕਪੂਰਾ ’ਚ ਘਰ ਦੇ ਬਾਹਰ ਖੜ੍ਹੇ ਨੌਜਵਾਨ ’ਤੇ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ

ਫਰੀਦਕੋਟ : ਫਰੀਦਕੋਟ ਦੇ ਕੋਟਕਪੂਰਾ ਵਿਚ ਦੇਰ ਸ਼ਾਮ 2 ਮੋਟਰਸਾਈਕਲ ਸਵਾਰ ਮੂੰਹ ਬੰਨ੍ਹੇ ਨੌਜਵਾਨਾਂ ਨੇ ਲੱਬੂ ਰਾਮ ਸਟ੍ਰੀਟ ਵਿਚ ਇਕ ਨੌਜਵਾਨ ’ਤੇ ਉਸ ਵਕਤ ਗੋਲ਼ੀ ਚਲਾ ਦਿੱਤੀ ਜਦੋਂ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ। ਹਾਲਾਂਕਿ ਨੌਜਵਾਨ ਨੇ ਘਰ ਅੰਦਰ ਵੜ ਕੇ ਆਪਣੀ ਜਾਨ ਬਚਾਈ ਅਤੇ ਹਮਲਾਵਰ ਗੋਲ਼ੀਆਂ ਚਲਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦਾ ਪਤਾ ਚੱਲਦੇ ਹੀ ਕੋਟਕਪੂਰਾ ਦੇ ਡੀ. ਐੱਸ. ਪੀ. ਸ਼ਮਸ਼ੇਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਰਮਨਦੀਪ ਸਿੰਘ ਉਰਫ ਰਮਨਾ ਨਾਮੀ ਨੌਜਵਾਨ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤਾਂ ਗਲ਼ੀ ਵਿਚ 2 ਨੌਜਵਾਨ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਜਿਨ੍ਹਾਂ ਨੇ ਘਰ ਦੇ ਬਾਹਰ ਖੜ੍ਹੇ ਨੌਜਵਾਨ ’ਤੇ ਗੋਲ਼ੀਆਂ ਚਲਾ ਦਿੱਤੀਆਂ।

ਇਸ ਦੌਰਾਨ ਨੌਜਵਾਨ ਤੇਜ਼ੀ ਨਾਲ ਭੱਜ ਕੇ ਆਪਣੇ ਘਰ ਅੰਦਰ ਵੜ ਗਿਆ ਜਿਸ ਦੇ ਚੱਲਦੇ ਉਸ ਦਾ ਬਚਾਅ ਹੋ ਗਿਆ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਉਹ ਮੌਕੇ ’ਤੇ ਪਹੁੰਚੇ ਹਨ ਅਤੇ ਹੁਣ ਤੱਕ ਦੀ ਜਾਂਚ ਵਿਚ ਇਹੀ ਸਾਹਮਣੇ ਆਇਆ ਹੈ ਕਿ ਇਨ੍ਹਾਂ ਦੀ ਕੋਈ ਪੁਰਾਣੀ ਰੰਜਿਸ਼ ਸੀ ਜਿਸ ਦੇ ਚੱਲਦੇ ਇਹ ਸਭ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਨੁਕਸਾਨ ਨਹੀਂ ਹੋਇਆ ਹੈ। ਇਸ ਵਾਰਦਾਤ ਦੀ ਪੁਲਸ ਵਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਗਲੀ ਦਾ ਕੋਈ ਵੀ ਸ਼ਖਸ ਕੁਝ ਵੀ ਨਹੀਂ ਬੋਲ ਰਿਹਾ। ਪੀੜਤ ਪਰਿਵਾਰ ਵੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ। ਫਿਲਹਾਲ ਪੁਲਸ ਵਲੋਂ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ। 

Add a Comment

Your email address will not be published. Required fields are marked *