ਜੀ-20 ਮੌਕੇ PM ਮੋਦੀ ਅਤੇ ਜੋਅ ਬਾਈਡੇਨ ਕਰਨਗੇ ਅਹਿਮ ਬੈਠਕ

ਨਵੀਂ ਦਿੱਲੀ – ਨਵੀਂ ਦਿੱਲੀ ‘ਚ 8, 9, 10 ਸਤੰਬਰ ਨੂੰ ਜੀ-20 ਕਾਨਫਰੰਸ ਹੋ ਰਹੀ ਹੈ, ਜਿਸ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਦਿੱਲੀ ਵਿੱਚ ਜਿੱਥੇ ਇਹ ਕਾਨਫਰੰਸ ਹੋਣੀ ਹੈ ਅਤੇ ਜਿਨ੍ਹਾਂ ਥਾਵਾਂ ’ਤੇ ਵੀਆਈਪੀ ਮੂਵਮੈਂਟ ਹੋਣ ਦੀ ਸੰਭਾਵਨਾ ਹੈ, ਉਨ੍ਹਾਂ ਇਲਾਕਿਆਂ ਨੂੰ ਜੀ-20 ਦੇ ਰੰਗ ਵਿੱਚ ਰੰਗਣ ਦਾ ਕੰਮ ਕੀਤਾ ਗਿਆ ਹੈ। ਇਸ ਕਾਨਫਰੰਸ ਵਿੱਚ ਦੁਨੀਆ ਦੇ ਬਹੁਤ ਸਾਰੇ ਉੱਚ ਪੱਧਰ ਦੇ ਆਗੂ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ‘ਤੇ ਆ ਰਹੇ ਹਨ। ਜੀ-20 ਦੀ ਪ੍ਰਧਾਨਗੀ ਨਾਲ ਭਾਰਤ ਨੂੰ ਮੈਂਬਰ ਦੇਸ਼ਾਂ ਦੇ ਨਾਲ ਵਪਾਰ ਸਬੰਧਾਂ ਨੂੰ ਮਜ਼ਬੂਤ ਕਰਨ ’ਚ ਮਦਦ ਮਿਲ ਰਹੀ ਹੈ।

ਸੂਤਰਾਂ ਅਨੁਸਾਰ ਦਿੱਲੀ ‘ਚ ਹੋ ਰਹੇ ਜੀ-20 ਨੇਤਾਵਾਂ ਦੇ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੀ ਭਾਰਤ ਆ ਰਹੇ ਹਨ। ਇਸ ਦੌਰਾਨ ਜੋਅ ਬਾਈਡੇਨ ਲੈਪਟਾਪ ਅਤੇ ਹੋਰ ਇਲੈਕਟ੍ਰਾਨਿਕ ਉਤਪਾਦਾਂ ਦੇ ਆਯਾਤ ‘ਤੇ ਪਾਬੰਦੀ ਲਗਾਉਣ ਦੇ ਭਾਰਤ ਦੇ ਫ਼ੈਸਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਚਾਰ-ਚਰਚਾ ਕਰ ਸਕਦੇ ਹਨ। ਜੋਅ ਬਾਈਡੇਨ 7 ਤੋਂ 10 ਸਤੰਬਰ ਤੱਕ ਭਾਰਤ ‘ਚ ਰਹਿਣਗੇ ਅਤੇ ਇਸ ਦੌਰਾਨ ਮੋਦੀ ਅਤੇ ਬਾਈਡੇਨ ਵਿਚਕਾਰ ਦੁਵੱਲੀ ਬੈਠਕ 8 ਸਤੰਬਰ ਨੂੰ ਹੋਵੇਗੀ।

ਪ੍ਰਧਾਨ ਮੰਤਰੀ ਮੋਦੀ ਅਤੇ ਬਾਈਡੇਨ ਦਰਮਿਆਨ ਦੁਵੱਲੀ ਮੀਟਿੰਗ ਜੀ-20 ਸੰਮੇਲਨ ਦੇ ਮੌਕੇ ਹੋਵੇਗੀ। ਇਸ ਮੀਟਿੰਗ ਵਿੱਚ ਹੋਰ ਮੁੱਦਿਆਂ ਦੇ ਨਾਲ-ਨਾਲ ਕੁਝ ਇਲੈਕਟ੍ਰਾਨਿਕ ਉਤਪਾਦਾਂ ਦੇ ਆਯਾਤ ‘ਤੇ ਪਾਬੰਦੀ ਲਗਾਉਣ ਦੇ ਭਾਰਤ ਦੇ ਤਾਜ਼ਾ ਫ਼ੈਸਲੇ ‘ਤੇ ਵਿਚਾਰ-ਚਰਚਾ ਹੋਣ ਦੀ ਸੰਭਾਵਨਾ ਹੈ। ਭਾਰਤ ਨੇ 1 ਨਵੰਬਰ ਤੋਂ ਲੈਪਟਾਪ, ਟੈਬਲੇਟ, ਨਿੱਜੀ ਕੰਪਿਊਟਰ, ਸਰਵਰ ਸਮੇਤ ਕੁਝ ਇਲੈਕਟ੍ਰਾਨਿਕ ਵਸਤੂਆਂ ਦੇ ਆਯਾਤ ‘ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਨੇ ਇਸ ਦਾ ਕਾਰਨ ਨਾਗਰਿਕਾਂ ਦੀ ਸੁਰੱਖਿਆ ਨੂੰ ਖ਼ਤਰਾ ਦੱਸਿਆ ਹੈ। ਪਿਛਲੇ ਮਹੀਨੇ ਲਏ ਗਏ ਇਸ ਫ਼ੈਸਲੇ ਦਾ ਮਕਸਦ ਚੀਨ ਤੋਂ ਦਰਾਮਦ ਨੂੰ ਘਟਾਉਣਾ ਅਤੇ ਦੇਸ਼ ਵਿੱਚ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਹੈ।

Add a Comment

Your email address will not be published. Required fields are marked *