ਰਾਹੁਲ ਗਾਂਧੀ ਨੇ ਸਿੱਖੀ ਬਾਈਕ ਰਿਪੇਅਰਿੰਗ : ਦਿੱਲੀ ਦੇ ਗੈਰਾਜ ‘ਚ ਕੀਤਾ ਕੰਮ

ਨਵੀਂ ਦਿੱਲੀ : ਰਾਹੁਲ ਗਾਂਧੀ ਦਿਨ-ਰਾਤ ਆਮ ਲੋਕਾਂ ਨੂੰ ਮਿਲਦੇ ਨਜ਼ਰ ਆਉਂਦੇ ਹਨ। ਉਨ੍ਹਾਂ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਦੇ ਰਾਹੁਲ ਗਾਂਧੀ ਟਰੱਕ ਤੇ ਕਦੇ ਬੈਲਗੱਡੀ ਦੀ ਸਵਾਰੀ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਦੀਆਂ ਕੁਝ ਹੋਰ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿੱਥੇ ਉਹ ਕਰੋਲ ਬਾਗ ਸਥਿਤ ਮੋਟਰਸਾਈਕਲ ਮਕੈਨਿਕ ਦੀਆਂ ਦੁਕਾਨਾਂ ‘ਤੇ ਪਹੁੰਚੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।

ਕਾਂਗਰਸ ਨੇ ਫੇਸਬੁੱਕ ‘ਤੇ ਪਾਰਟੀ ਦੇ ਸਾਬਕਾ ਪ੍ਰਧਾਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਮੋਟਰਸਾਈਕਲ ਨੂੰ ਠੀਕ ਕਰਨਾ ਸਿੱਖਦੇ ਹੋਏ ਅਤੇ ਮਕੈਨਿਕ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਪਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ, ”ਇਹ ਹੱਥ ਭਾਰਤ ਨੂੰ ਬਣਾਉਂਦੇ ਹਨ। ਇਨ੍ਹਾਂ ਕੱਪੜਿਆਂ ‘ਤੇ ਲੱਗੀ ਕਾਲਖ ਹੀ ਸਾਡਾ ਮਾਣ ਤੇ ਸ਼ਾਨ ਹੈ। ਅਜਿਹੇ ਹੱਥਾਂ ਨੂੰ ਹੱਲਾਸ਼ੇਰੀ ਦੇਣ ਦਾ ਕੰਮ ਜਨਨਾਇਕ ਹੀ ਕਰਦਾ ਹੈ। ਰਾਹੁਲ ਗਾਂਧੀ ਦਿੱਲੀ ਦੇ ਕਰੋਲ ਬਾਗ ‘ਚ ਮੋਟਰਸਾਈਕਲ ਮਕੈਨਿਕ ਨਾਲ, ‘ਭਾਰਤ ਜੋੜੋ ਯਾਤਰਾ’ ਜਾਰੀ ਹੈ।”

ਰਾਹੁਲ ਨੇ ਇਨ੍ਹਾਂ ਲੋਕਾਂ ਨਾਲ ਆਪਣੀ ਗੱਲਬਾਤ ਦੀਆਂ ਤਸਵੀਰਾਂ ਫੇਸਬੁੱਕ ‘ਤੇ ਪੋਸਟ ਕੀਤੀਆਂ ਤੇ ਲਿਖਿਆ, ”ਰੈਂਚ ਘੁਮਾਉਣ ਵਾਲੇ ਅਤੇ ਭਾਰਤ ਦੇ ਪਹੀਆਂ ਨੂੰ ਚਲਾਉਣ ਵਾਲੇ ਹੱਥਾਂ ਤੋਂ ਸਿੱਖ ਰਿਹਾ ਹਾਂ।” ਤਸਵੀਰਾਂ ‘ਚ ਰਾਹੁਲ ਆਪਣੇ ਅਲੱਗ ਅੰਦਾਜ਼ ‘ਚ ਦਿਖਾਈ ਦੇ ਰਹੇ ਹਨ। ਤਸਵੀਰਾਂ ‘ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਰਾਹੁਲ ਆਪਣੇ ਹੱਥ ‘ਚ ਬਾਈਕ ਦੇ ਪਾਰਟਸ ਫੜੇ ਹੋਏ ਹਨ। ਉਨ੍ਹਾਂ ਦੇ ਸਾਹਮਣੇ ਇਕ ਮੋਟਰਸਾਈਕਲ ਖੁੱਲ੍ਹਾ ਹੈ। ਕੁਝ ਲੋਕ ਇਕੱਠੇ ਬੈਠੇ ਨਜ਼ਰ ਆ ਰਹੇ ਹਨ। ਇਕ ਹੋਰ ਫੋਟੋ ਵਿੱਚ ਰਾਹੁਲ ਇਕ ਪੇਚਕਸ ਨਾਲ ਬਾਈਕ ਦੇ ਪੇਚਾਂ ਨੂੰ ਕੱਸਦੇ ਨਜ਼ਰ ਆ ਰਹੇ ਹਨ। ਇਕ ਫੋਟੋ ‘ਚ ਉਹ ਗੈਰਾਜ ਵਰਕਰ ਤੋਂ ਮਸ਼ੀਨ ਬਾਰੇ ਜਾਣਕਾਰੀ ਲੈ ਰਹੇ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਹਰਿਆਣਾ ਦੇ ਅੰਬਾਲਾ ਵਿੱਚ ਟਰੱਕ ਡਰਾਈਵਰਾਂ ਨਾਲ ਸਵਾਰੀ ਕਰਦੇ ਨਜ਼ਰ ਆਏ ਸਨ। ਟਰੱਕ ਡਰਾਈਵਰਾਂ ਨਾਲ ਕਾਂਗਰਸੀ ਆਗੂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈਆਂ ਸਨ।

Add a Comment

Your email address will not be published. Required fields are marked *