ਹਥਿਆਰਾਂ ਨਾਲ ਘਰ ’ਚ ਦਾਖ਼ਲ ਹੋਏ ਬਦਮਾਸ਼, ਡੇਢ ਕਿਲੋ ਸੋਨਾ ਲੁੱਟਣ ਮਗਰੋਂ ਮੁੰਡੇ ਨੂੰ ਮਾਰੀ ਗੋਲੀ

ਬਾਬਾ ਬਕਾਲਾ ਸਾਹਿਬ – ਬੀਤੇ ਦਿਨੀਂ ਸਵੇਰੇ ਰਈਆ ’ਚ ਸਥਿਤ ਗਲੀ ਲਾਇਲਪੁਰੀ ’ਚ ਮੌਜੂਦ ਇਕ ਘਰ ’ਚ ਕਰੀਬ 3-4 ਹਥਿਆਰਬੰਦ ਅਣਪਛਾਤੇ ਵਿਅਕਤੀ ਦਾਖ਼ਲ ਹੋ ਗਏ। ਉਹ ਘਰ ਵਿਚ ਪਿਆ ਡੇਢ ਕਿਲੋ ਸੋਨਾ, 1.50 ਲੱਖ ਦੀ ਨਕਦੀ ਲੁੱਟਣ ਤੋਂ ਬਾਅਦ ਮੁੰਡੇ ਯੁਵਰਾਜ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਜ਼ਖਮੀ ਯੁਵਰਾਜ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਦੇ ਐਮਰਜੈਂਸੀ ਵਿਭਾਗ ’ਚ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ।

ਇਸ ਸਬੰਧੀ ਯੁਵਰਾਜ ਦੀ ਮਾਤਾ ਸਿੰਮੀ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਆ ਕੇ ਪਰਿਵਾਰ ਨੂੰ ਗਾਲੀ-ਗਲੋਚ ਕੀਤੀ। ਉਨ੍ਹਾਂ ਦੇ ਪਤੀ ਰਵੀ ਵੱਲੋਂ ਸਾਡੇ ਨਾਲ ਬਹੁਤ ਧੋਖਾ ਕੀਤਾ ਗਿਆ ਹੈ, ਅਸੀਂ ਉਸ ਦੀ ਭਰਪਾਈ ਹਰ ਹਾਲਤ ਵਿਚ ਕਰਨੀ ਹੈ। ਰਵੀ ਇਸ ਵੇਲੇ ਵਿਦੇਸ਼ ਵਿਚ ਰਹਿ ਰਿਹਾ ਹੈ। ਇਸ ਘਟਨਾ ਤੋਂ ਬਾਅਦ ਰਈਆ ਸ਼ਹਿਰ ਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। 

ਸਥਾਨਕ ਡੀ. ਐੱਸ. ਪੀ. ਹਰਕ੍ਰਿਸ਼ਨ ਸਿੰਘ ਤੇ ਥਾਣਾ ਮੁਖੀ ਬਿਆਸ ਇੰਸਪੈਕਟਰ ਯਾਦਵਿੰਦਰ ਸਿੰਘ ਵੱਲੋਂ ਮੌਕੇ ’ਤੇ ਹਸਪਤਾਲ ਪੁੱਜ ਕੇ ਲੜਕੇ, ਉਸ ਦੀ ਮਾਤਾ ਦੇ ਬਿਆਨ ਦਰਜ ਕੀਤੇ ਗਏ। ਪੁਲਸ ਮੁਤਾਬਕ ਉਹ ਇਸ ਮਾਮਲੇ ਵਿਚ ਤਫਤੀਸ਼ ਕਰ ਰਹੇ ਹਨ, ਜੋ ਵੀ ਸੱਚ ਸਾਹਮਣੇ ਆਵੇਗਾ, ਉਸ ਆਧਾਰ ’ਤੇ ਹੀ ਮਾਮਲਾ ਦਰਜ ਕੀਤਾ ਜਾਵੇਗਾ। ਪੁਲਸ ਨੇ ਦਾਅਵਾ ਕੀਤਾ ਹੈ ਕਿ ਇਸ ਘਟਨਾ ਨੂੰ ਡਕੈਤੀ ਜਾਂ ਹੋਰ ਘਟਨਾ ਨਾਲ ਨਹੀਂ ਜੋੜਿਆ ਜਾ ਸਕਦਾ, ਕਿਉਂਕਿ ਜ਼ਖਮੀ ਯੁਵਰਾਜ ਦਾ ਪਿਤਾ ਰਵੀ ਟ੍ਰੈਵਲ ਏਜੰਟ ਦਾ ਕੰਮ ਕਰਦਾ ਹੈ ਅਤੇ ਜਲਾਲਾਬਾਦ ਦੀ ਇਕ ਪਾਰਟੀ ਨਾਲ ਕਿਸੇ ਨੂੰ ਬਾਹਰ ਭੇਜਣ ਸਬੰਧੀ ਉਨ੍ਹਾਂ ਦਾ ਆਪਸੀ ਮਾਮਲਾ ਚੱਲ ਰਿਹਾ ਸੀ। 

ਜ਼ਖਮੀ ਯੁਵਰਾਜ ਨੇ ਵੀ ਆਪਣੇ ਬਿਆਨਾਂ ’ਚ ਕਿਹਾ ਹੈ ਕਿ ਹਮਲਾਵਰਾਂ ਵਿਚ ਪਿੰਡ ਜਲਾਲਾਬਾਦ ਦੇ ਵਿਅਕਤੀ ਸ਼ਾਮਲ ਸਨ। ਉਸ ਨੇ ਅੱਗੇ ਦੱਸਿਆ ਕਿ ਹਥਿਆਰਾਂ ਨਾਲ ਲੈਸ ਨੌਜਵਾਨ ਜਾਂਦੇ ਸਮੇਂ ਉਸ ਦਾ ਆਈਫੋਨ 13 ਪ੍ਰੋ ਤੇ ਉਸਦੀ ਭੈਣ ਕੋਲੋਂ ਉਸਦਾ ਆਈਫੈਨ 11 ਪ੍ਰੋ ਵੀ ਨਾਲ ਲੈ ਗਏ। ਪੁਲਸ ਮੁਤਾਬਕ ਇਨ੍ਹਾਂ ਹਮਲਾਵਰਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕਰਨੀ ਸ਼ੁਰੂ ਕਰ ਦਿਤੀ ਹੈ।

 

Add a Comment

Your email address will not be published. Required fields are marked *