‘ਜਵਾਨ’ ਦੀ ਰਿਲੀਜ਼ ਤੋਂ ਪਹਿਲਾਂ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਪਹੁੰਚੇ ਸ਼ਾਹਰੁਖ ਖ਼ਾਨ

ਜੰਮੂ – ਸੁਪਰਸਟਾਰ ਸ਼ਾਹਰੁਖ ਖ਼ਾਨ ਨੇ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਜਵਾਨ’ ਦੀ ਰਿਲੀਜ਼ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ਦੇ ਤ੍ਰਿਕੁਟਾ ਪਰਵਤ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ’ਚ ਪੂਜਾ ਅਰਚਨਾ ਕੀਤੀ। ਇਕ ਅਧਿਕਾਰੀ ਨੇ ਦੱਸਿਆ ਕਿ ਸ਼ਾਹਰੁਖ (58) ਮੰਗਲਵਾਰ ਦੇਰ ਰਾਤ ਮੰਦਰ ਪਹੁੰਚੇ ਸਨ।

ਉਨ੍ਹਾਂ ਕਿਹਾ, ‘‘ਸੁਪਰਸਟਾਰ ਮੰਗਲਵਾਰ ਸ਼ਾਮ ਨੂੰ ਕਟੜਾ ਬੇਸ ਕੈਂਪ ਪਹੁੰਚੇ ਤੇ ਕਰੀਬ 11.40 ਵਜੇ ਨਿਊ ਤਾਰਾਕੋਟ ਮਾਰਗ ਰਾਹੀਂ ਮੰਦਰ ਪਹੁੰਚੇ। ਉਨ੍ਹਾਂ ਨੇ ਪ੍ਰਾਰਥਨਾ ਕੀਤੀ ਤੇ ਜਲਦ ਹੀ ਚਲੇ ਗਏ।’’ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਕ ਛੋਟੀ ਵੀਡੀਓ ’ਚ ਅਦਾਕਾਰ ਨੂੰ ਮੰਦਰ ’ਚ ਨੀਲੇ ਰੰਗ ਦੀ ਜੈਕੇਟ ਪਹਿਨੇ ਆਪਣੇ ਚਿਹਰੇ ਨੂੰ ਪੂਰੀ ਤਰ੍ਹਾਂ ਢੱਕਿਆ ਹੋਇਆ ਦੇਖਿਆ ਗਿਆ।

ਵੀਡੀਓ ’ਚ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਅਧਿਕਾਰੀ, ਕੁਝ ਪੁਲਸ ਕਰਮਚਾਰੀ ਤੇ ਅਦਾਕਾਰ ਦੇ ਨਿੱਜੀ ਕਰਮਚਾਰੀ ਵੀ ਦੇਖੇ ਜਾ ਸਕਦੇ ਹਨ। 9 ਮਹੀਨਿਆਂ ’ਚ ਇਹ ਦੂਜੀ ਵਾਰ ਹੈ, ਜਦੋਂ ਸ਼ਾਹਰੁਖ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਗਏ ਹਨ। ਉਨ੍ਹਾਂ ਨੇ ਆਪਣੀ ਬਲਾਕਬਸਟਰ ਫ਼ਿਲਮ ‘ਪਠਾਨ’ ਦੀ ਰਿਲੀਜ਼ ਤੋਂ ਪਹਿਲਾਂ ਦਸੰਬਰ 2022 ’ਚ ਵੀ ਮੰਦਰ ’ਚ ਹਾਜ਼ਰੀ ਭਰੀ ਸੀ।

ਐਕਸ਼ਨ-ਥ੍ਰਿਲਰ ਫ਼ਿਲਮ ‘ਜਵਾਨ’ ਦਾ ਨਿਰਦੇਸ਼ਨ ਤਾਮਿਲ ਫ਼ਿਲਮ ਨਿਰਮਾਤਾ ਐਟਲੀ ਵਲੋਂ ਕੀਤਾ ਗਿਆ ਹੈ। ਇਹ 7 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਫ਼ਿਲਮ ’ਚ ਨਯਨਤਾਰਾ, ਵਿਜੇ ਸੇਤੂਪਤੀ, ਪ੍ਰਿਯਾਮਣੀ ਤੇ ਸਾਨਿਆ ਮਲਹੋਤਰਾ ਵੀ ਹਨ। ਫ਼ਿਲਮ ’ਚ ਦੀਪਿਕਾ ਪਾਦੁਕੋਣ ਖ਼ਾਸ ਭੂਮਿਕਾ ’ਚ ਨਜ਼ਰ ਆਵੇਗੀ।

Add a Comment

Your email address will not be published. Required fields are marked *