ਫਰਾਰ ਕੈਦੀ ਦਾ ਪਿੱਛਾ ਕਰਦੀ ਪੁਲਸ ਗੱਡੀ ‘ਚ ਬੈਠੇ ਦੂਜੇ ਕੈਦੀ ਨੂੰ ਭੁੱਲੀ

ਦਸੂਹਾ-ਨਾਜਾਇਜ਼ ਸ਼ਰਾਬ ਵੇਚਣ ਦੇ ਦੋਸ਼ ’ਚ ਕਾਬੂ ਕੀਤੇ 2 ਹਵਾਲਾਤੀਆਂ ਵੱਲੋਂ ਦਸੂਹਾ ਪੁਲਸ ਦੀ ਹਿਰਾਸਤ ’ਚੋਂ ਫਰਾਰ ਹੋ ਗਏ। ਪ੍ਰਾਪਤ ਵੇਰਵਿਆਂ ਅਨੁਸਾਰ ਅਜੇ ਕੁਮਾਰ ਪੁੱਤਰ ਕਿਸ਼ਨ ਲਾਲ ਵਾਸੀ ਦਸੂਹਾ ਅਤੇ ਅਜੇ ਪਾਲ ਉਰਫ਼ ਲੱਬਾ ਪੁੱਤਰ ਨਰਿੰਦਰ ਸਿੰਘ ਵਾਸੀ ਦਸੂਹਾ, ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵੱਲੋਂ ਹੁਸ਼ਿਆਰਪੁਰ ਦੀ ਜੁਡੀਸ਼ੀਅਲ ਜੇਲ ਵਿਚ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਸਨ।

ਜਦੋਂ ਇਨ੍ਹਾਂ ਮੁਲਜ਼ਮਾਂ ਨੂੰ ਏ. ਐੱਸ. ਆਈ. ਨਿਰਮਲ ਸਿੰਘ ਅਤੇ ਦੋ ਹੋਰ ਹੋਮਗਾਰਡ ਜਵਾਨਾਂ ਸਮੇਤ ਹੁਸ਼ਿਆਰਪੁਰ ਜੇਲ੍ਹ ਲਿਜਾਇਆ ਜਾ ਰਿਹਾ ਸੀ ਤਾਂ ਕਸਬਾ ਹਰਿਆਣਾ ਤੋਂ ਅੱਗੇ ਪਿੰਡ ਕੱਕੋ ਕੋਲ ਟ੍ਰੈਫਿਕ ਦਾ ਫਾਇਦਾ ਉਠਾਉਂਦੇ ਹੋਏ ਅਜੇ ਕੁਮਾਰ ਪੁਲਸ ਦੀ ਗੱਡੀ ਤੋਂ ਛਾਲ ਮਾਰ ਕੇ ਫਰਾਰ ਹੋ ਗਿਆ। ਭਗੌੜੇ ਨੂੰ ਕਾਬੂ ਕਰਨ ਲਈ ਸਾਰੇ ਪੁਲਸ ਵਾਲੇ ਉਸ ਦੇ ਪਿੱਛੇ ਭੱਜੇ।

ਉਸ ਨੂੰ ਕਾਬੂ ਕਰਨ ਲਈ ਪੁਲਸ ਵਾਲੇ ਇਹ ਭੁੱਲ ਗਏ ਕਿ ਕਾਰ ਵਿਚ ਇਕ ਹੋਰ ਹਵਾਲਾਤੀ ਵੀ ਬੈਠਾ ਹੈ। ਮੌਕੇ ਦਾ ਫਾਇਦਾ ਉਠਾਉਂਦੇ ਹੋਏ ਪੁਲਸ ਦੀ ਗੱਡੀ ਵਿਚ ਬੈਠਾ ਅਜੇ ਕੁਮਾਰ ਉਰਫ਼ ਲੱਬਾ ਹੱਥਕੜੀ ਸਮੇਤ ਹੀ ਫਰਾਰ ਹੋ ਗਿਆ। ਇਥੇ ਇਹ ਵਰਣਨਯੋਗ ਹੈ ਕਿ ਦੋਵਾਂ ਦੇ ਹੱਥ ਇਕੋ ਹੱਥਕੜੀ ਨਾਲ ਬੰਨ੍ਹੇ ਹੋਏ ਸਨ ਪਰ ਅਜੇ ਕੁਮਾਰ ਪਹਿਲਾਂ ਹੀ ਹੱਥਕੜੀ ’ਚੋਂ ਹੱਥ ਕੱਢ ਚੁੱਕਾ ਸੀ। ਜਦਕਿ ਦੂਜਾ ਹੱਥਕੜੀ ਸਮੇਤ ਹੀ ਫਰਾਰ ਹੋ ਗਿਆ। ਦੇਰ ਸ਼ਾਮ ਤੱਕ ਪੁਲਸ ਵੱਲੋਂ ਫਰਾਰ ਦੋਸ਼ੀਆਂ ਦੀ ਭਾਲ ਜਾਰੀ ਸੀ। ਇਸ ਸਬੰਧੀ ਜਦੋਂ ਥਾਣਾ ਇੰਚਾਰਜ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਰਾਤ 8 ਵਜੇ ਤੱਕ ਉਨ੍ਹਾਂ ਫਰਾਰ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਪਰ ਫਿਰ ਵੀ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Add a Comment

Your email address will not be published. Required fields are marked *