ਜਗਰਾਓਂ ‘ਚ ਪੁਲਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਟਰੈਪ ਲਾ ਕੇ ਕੀਤਾ ਕਾਬੂ
January 27, 2023
ਜਗਰਾਓਂ : ਜਗਰਾਓਂ ‘ਚ ਰੰਗਦਾਰੀ ਲੈਣ ਗਏ ਗੈਂਗਸਟਰਾਂ ‘ਚ ਗੈਂਗਵਾਰ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਇਨ੍ਹਾਂ ਗੈਂਗਸਟਰਾਂ ਨੂੰ ਟਰੈਪ ਲਾ ਕੇ ਕਾਬੂ ਕਰ ਲਿਆ ਹੈ। ਜਾਣਕਾਰੀ ਮੁਤਾਬਕ ਗੈਂਗਸਟਰ ਅਰਸ਼ ਅਤੇ ਮਨਪ੍ਰੀਤ ਮਨੀਲਾ ਵੱਲੋਂ ਇਕ ਕਾਰੋਬਾਰੀ ਤੋਂ 30 ਲੱਖ ਦੀ ਫ਼ਿਰੌਤੀ ਮੰਗੀ ਗਈ ਸੀ।
ਇਹ ਫ਼ਿਰੌਤੀ ਲੈਣ ਲਈ ਜਦੋਂ ਗੈਂਗਸਟਰ ਕਾਰੋਬਾਰੀ ਨੂੰ ਮਿਲਣ ਗਏ ਤਾਂ ਉਸ ਨੇ ਇਸ ਦੀ ਇਤਲਾਹ ਪੁਲਸ ਨੂੰ ਦੇ ਦਿੱਤੀ। ਇਸ ਤੋਂ ਬਾਅਦ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਕਾਫ਼ੀ ਦੇਰ ਤੱਕ ਮੁਕਾਬਲਾ ਚੱਲਿਆ, ਜਿਸ ਤੋਂ ਬਾਅਦ ਪੁਲਸ ਇਨ੍ਹਾਂ ਗੈਂਗਸਟਰਾਂ ਨੂੰ ਕਾਬੂ ਕਰਨ ‘ਚ ਸਫ਼ਲ ਰਹੀ। ਇਸ ਘਟਨਾ ਦੀ ਇਕ ਆਡੀਓ ਵੀ ਵਾਇਰਲ ਹੋਈ ਦੱਸੀ ਜਾ ਰਹੀ ਹੈ। ਇਸ ਘਟਨਾ ਦੀ ਖ਼ਬਰ ਮਿਲਦੇ ਸਾਰ ਹੀ ਸ਼ਹਿਰ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਇਲਾਕੇ ਦਾ ਮਾਹੌਲ ਖ਼ਰਾਬ ਨਹੀਂ ਕਰਨ ਦਿੱਤਾ ਜਾਵੇਗਾ।

