ਕੈਲੀਫੋਰਨੀਆ ਦੇ ‘ਹਿੰਦੂ ਟੈਂਪਲ ਵਾਲੈਉ’ ਨੂੰ 6 ਔਰਤਾਂ ਨੇ ਲੁੱਟਣ ਦੀ ਕੀਤੀ ਨਾਕਾਮ ਕੋਸ਼ਿਸ਼

ਫਰਿਜ਼ਨੋ/ਕੈਲੀਫੋਰਨੀਆ : ਕੈਲੀਫੋਰਨੀਆ ’ਚ ਵਧ ਰਹੀ ਬੇਰੁਜ਼ਗਾਰੀ ਕਾਰਨ ਬਹੁਤ ਸਾਰੇ ਲੋਕ ਬੇਘਰ ਹੋ ਰਹੇ ਹਨ। ਇਸੇ ਤਰ੍ਹਾਂ ਲੁੱਟ-ਖੋਹ ਜਾਂ ਚੋਰੀ ਦੀਆਂ ਵਾਰਦਾਤਾਂ ’ਚ ਵੀ ਵਾਧਾ ਹੋਇਆ ਹੈ। ਅਜਿਹੀ ਹੀ ਇਕ ਚੋਰੀ ਦੀ ਵਾਰਦਾਤ ਹਿੰਦੂ ਟੈਂਪਲ ਵਾਲੈਉ ਵਿਖੇ ਵਾਪਰੀ। ਜਿਸ ਸੰਬੰਧੀ ਹਿੰਦੂ ਮੰਦਰ ਦੇ ਫਾਊਡਰ ਅਤੇ ਪ੍ਰੈਜ਼ੀਡੈਂਟ ਚਮਕੌਰ ਗਿਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛੇ ਔਰਤਾਂ ਮੰਦਰ ’ਚ ਪੂਜਾ ਕਰਵਾਉਣ ਦੇ ਬਹਾਨੇ ਪੁਜਾਰੀ ਕੋਲ ਆਈਆਂ ਪਰ ਇਸ ਦੇ ਨਾਲ ਹੀ ਦੋ ਪੰਡਿਤ ਕੋਲ ਬੈਠ ਗਈਆਂ, ਬਾਕੀਆਂ ਨੇ ਇੱਧਰ-ਉਧਰ ਚੋਰੀ ਕਰਨ ਲਈ ਫਰੋਲਾ-ਫਰੋਲੀ ਸ਼ੁਰੂ ਕਰ ਦਿੱਤੀ, ਜਦਕਿ ਪੰਡਤ ਨੇ ਕੋਲ ਬੈਠੀਆਂ ਔਰਤਾਂ ਨੂੰ ਮੰਤਰ ਜਾਪ ਲਈ ਕਿਹਾ ਤਾਂ ਉਨ੍ਹਾਂ ਨੂੰ ਸਹੀ ਮੰਤਰ ਉਚਾਰਣ ਵੀ ਨਹੀਂ ਆਉਂਦੇ ਸਨ।

ਇਕਦਮ ਸ਼ੱਕ ਪੈਣ ’ਤੇ ਮੰਦਰ ਦੇ ਪੁਜਾਰੀ ਨੇ ਦੇਖਿਆ ਕਿ ਇਕ ਔਰਤ ਮੰਦਰ ’ਚ ਸੁਸ਼ੋਭਿਤ ਮੂਰਤੀ ਤੋਂ ਗਹਿਣਿਆਂ ਦੀ ਚੋਰੀ ਕਰਨ ਦੀ ਕੋਸ਼ਿਸ਼ ਕਰਨ ਲੱਗੀ। ਜਦ ਪੰਡਿਤ ਜੀ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਵਰਜਿਆ ਅਤੇ ਕਿਹਾ ਕਿ ਇਹ ਮੰਦਰ ਦੀ ਸਾਡੀ ਵੀਡੀਓ ਰਿਕਾਰਡ ਹੋ ਰਹੀ ਹੈ ਤਾਂ ਉਹ ਔਰਤਾਂ ਇਕਦਮ ਕੁਝ ਹੀ ਪਲਾਂ ’ਚ ਭੱਜ ਗਈਆਂ। ਸਕਿਓਰਿਟੀ ਕੈਮਰਿਆਂ ਦੇ ਡਰੋਂ ਔਰਤਾਂ ਦੇ ਭੱਜਣ ਕਰਕੇ ਵੱਡਾ ਨੁਕਸਾਨ ਹੋਣੋਂ ਬਚ ਗਿਆ।  ਇਸ ਤੋਂ ਪਹਿਲਾ ਵੀ ਕੈਲੀਫੋਰਨੀਆ ਦੇ ਇਕ ਬੁੱਧ ਧਰਮ ਦੇ ਮੰਦਰ ’ਚ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਚੋਰਾਂ ਦਾ ਗਿਰੋਹ ਹਿੰਦੀ ਬੋਲਦਾ ਹੈ ਪਰ ਦੇਖਣ ’ਚ ਭਾਰਤੀ ਨਹੀਂ ਲੱਗਦਾ। ਔਰਤਾਂ ਦੇ ਮੂੰਹ ਉੱਪਰ ਮਾਸਕ ਲੱਗੇ ਹੋਣ ਕਰਕੇ ਪਛਾਣ ਕਰਨੀ ਮੁਸ਼ਕਿਲ ਹੈ ਪਰ ਸਕਿਓਰਿਟੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਪੁਲਸ ਚੋਰਾਂ ਦੀ ਭਾਲ ਕਰ ਰਹੀ ਹੈ।

Add a Comment

Your email address will not be published. Required fields are marked *