ਫਲੋਰੀਡਾ ਦੇ ਸਟੋਰ ‘ਤੇ ਗੋਰੇ ਹਮਲਾਵਰ ਨੇ ਕੀਤੀ ਗੋਲੀਬਾਰੀ

ਜੈਕਸਨਵਿਲੇ : ਅਮਰੀਕਾ ਦੇ ਫਲੋਰੀਡਾ ਸੂਬੇ ਦੇ ਜੈਕਸਨਵਿਲੇ ਸਟੋਰ ‘ਚ ਇਕ ਗੋਰੇ ਵਿਅਕਤੀ ਨੇ ਸ਼ਨੀਵਾਰ ਨੂੰ ਤਿੰਨ ਗੈਰ ਗੋਰੇ ਲੋਕਾਂ ਨੂੰ ਗੋਲੀ ਮਾਰ ਕੇ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਸਥਾਨਕ ਸ਼ੈਰਿਫ ਨੇ ਹਮਲੇ ਨੂੰ “ਨਸਲਵਾਦੀ ਤੌਰ ‘ਤੇ ਪ੍ਰੇਰਿਤ” ਦੱਸਿਆ ਹੈ। ਸ਼ੈਰਿਫ ਟੀਕੇ ਵਾਟਰਸ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ “ਹਮਲਾਵਰ ਵਿਅਕਤੀ ਨੂੰ ਗੈਰ ਗੋਰੇ ਲੋਕਾਂ ਤੋਂ ਨਫ਼ਰਤ ਸੀ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਹਮਲਾਵਰ ਕਿਸੇ ਵੱਡੇ ਸਮੂਹ ਦਾ ਹਿੱਸਾ ਸੀ।”

ਵਾਟਰਸ ਨੇ ਦੱਸਿਆ ਕਿ ਹਮਲਾਵਰ ਨੇ ਡਾਲਰ ਜਨਰਲ ਸਟੋਰ ‘ਤੇ ਹਮਲਾ ਕਰਨ ਲਈ ਇੱਕ ਹੈਂਡਗਨ ਅਤੇ ਇੱਕ ਏਆਰ-15 ਅਰਧ-ਆਟੋਮੈਟਿਕ ਰਾਈਫਲ ਦੀ ਵਰਤੋਂ ਕੀਤੀ। ਗੋਲੀਬਾਰੀ ਦੁਪਹਿਰ 2 ਵਜੇ ਤੋਂ ਠੀਕ ਪਹਿਲਾਂ ਐਡਵਰਡ ਵਾਟਰਸ ਯੂਨੀਵਰਸਿਟੀ ਨੇੜੇ ਡਾਲਰ ਜਨਰਲ ਵਿੱਚ ਹੋਈ। ਐਡਵਰਡ ਵਾਟਰਸ ਯੂਨੀਵਰਸਿਟੀ ਇਤਿਹਾਸਕ ਤੌਰ ‘ਤੇ ਗੈਰ ਗੋਰੇ ਲੋਕਾਂ ਦੀ ਯੂਨੀਵਰਸਿਟੀ ਹੈ। ਹਮਲਾਵਰ ਨੇ ਇੱਕ ਪੱਤਰ ਛੱਡਿਆ, ਜਿਸ ਨਾਲ ਜਾਂਚਕਰਤਾਵਾਂ ਨੂੰ ਵਿਸ਼ਵਾਸ ਹੋ ਗਿਆ ਕਿ ਉਸਨੇ ਜੈਕਸਨਵਿਲੇ ਵਿੱਚ ਇੱਕ ਵੀਡੀਓ ਗੇਮ ਮੁਕਾਬਲੇ ਦੌਰਾਨ ਇੱਕ ਹੋਰ ਬੰਦੂਕਧਾਰੀ ਦੁਆਰਾ ਕੀਤੇ ਹਮਲੇ ਦੇ ਪੰਜ ਸਾਲ ਪੂਰੇ ਹੋਣ ਮੌਕੇ ਗੋਲੀਬਾਰੀ ਕੀਤੀ ਸੀ। ਉਸ ਹਮਲੇ ਵਿਚ ਵੀ ਬੰਦੂਕਧਾਰੀ ਨੇ ਦੋ ਲੋਕਾਂ ਨੂੰ ਮਾਰਨ ਤੋਂ ਬਾਅਦ ਖ਼ੁਦ ਨੂੰ ਗੋਲੀ ਮਾਰ ਲਈ ਸੀ। 

ਸ਼ੈਰਿਫ ਵਾਟਰਸ ਨੇ ਦੱਸਿਆ ਕਿ ਹਮਲਾਵਰ ਗੁਆਂਢੀ ਕਲੇ ਕਾਉਂਟੀ ਤੋਂ ਆਇਆ ਸੀ ਅਤੇ ਉਸ ਨੇ ਹਮਲੇ ਤੋਂ ਕੁਝ ਸਮਾਂ ਪਹਿਲਾਂ ਆਪਣੇ ਪਿਤਾ ਨੂੰ ਆਪਣਾ ਕੰਪਿਊਟਰ ਚੈੱਕ ਕਰਨ ਲਈ ਕਿਹਾ ਸੀ। ਹਮਲਾਵਰ ਦੇ ਪਿਤਾ ਨੂੰ ਕੰਪਿਊਟਰ ‘ਤੇ ਕੁਝ ਲੇਖ ਮਿਲੇ ਅਤੇ ਪਰਿਵਾਰ ਨੇ ਪੁਲਸ ਨੂੰ ਸੂਚਿਤ ਕੀਤਾ, ਪਰ ਗੋਲੀਬਾਰੀ ਸ਼ੁਰੂ ਹੋ ਚੁੱਕੀ ਸੀ। ਹਮਲੇ ਨੇ ਗੈਰ ਗੋਰੇ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਪਿਛਲੇ ਹਮਲਿਆਂ ਦੀਆਂ ਦੁਖਦ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ ਅਤੇ ਇਸ ਨਾਲ ਭਾਈਚਾਰੇ ਵਿੱਚ ਡਰ ਪੈਦਾ ਹੋਣ ਦਾ ਖਦਸ਼ਾ ਹੈ। ਇਸ ਤੋਂ ਪਹਿਲਾਂ 2022 ਵਿੱਚ ਨਿਊਯਾਰਕ ਦੇ ਬਫੇਲੋ ਵਿੱਚ ਇੱਕ ਗੋਰੇ ਹਮਲਾਵਰ ਨੇ ਗੈਰ ਗੋਰੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਹਮਲੇ ਵਿੱਚ 10 ਲੋਕਾਂ ਦਾ ਕਤਲ ਕਰ ਦਿੱਤਾ ਸੀ।

Add a Comment

Your email address will not be published. Required fields are marked *