ਮੂਸੇਵਾਲਾ ਕਤਲ ਕਾਂਡ ‘ਚ ਲੋੜੀਂਦਾ ਮੁਲਜ਼ਮ ਸਚਿਨ ਥਾਪਨ ਵਿਦੇਸ਼ ‘ਚ ਗ੍ਰਿਫ਼ਤਾਰ

ਇੰਟਰਨੈਸ਼ਨਲ – ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਈਂਡ ਸਚਿਨ ਥਾਪਨ ਨੂੰ ਅਜ਼ਰਬਾਈਜਾਨ ਵਿੱਚ ਹਿਰਾਸਤ ਵਿੱਚ ਲੈ ਲਿਆ ਹੈ, ਜਦੋਂ ਕਿ ਇੱਕ ਹੋਰ ਮੁੱਖ ਮੁਲਜ਼ਮ ਅਨਮੋਲ ਬਿਸ਼ਨੋਈ ਦਾ ਟਿਕਾਣਾ ਕੀਨੀਆ ਵਿੱਚ ਮਿਲਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਦੱਸ ਦੇਈਏ ਕਿ 29 ਮਈ ਨੂੰ ਅਪਰਾਧ ਨੂੰ ਅੰਜਾਮ ਦੇਣ ਤੋਂ ਪਹਿਲਾਂ ਦੋਵੇਂ ਫਰਜ਼ੀ ਪਾਸਪੋਰਟਾਂ ‘ਤੇ ਭਾਰਤ ਤੋਂ ਭੱਜ ਗਏ ਸਨ। ਸੂਤਰਾਂ ਮੁਤਾਬਕ ਪੰਜਾਬ ਪੁਲਸ ਅਤੇ ਵਿਦੇਸ਼ ਮੰਤਰਾਲਾ (MEA) ਸਚਿਨ ਦੀ ਭਾਰਤ ਹਵਾਲਗੀ ਲਈ ਤੇਜ਼ੀ ਨਾਲ ਕੰਮ ਕਰ ਰਹੇ। ਫਿਲਹਾਲ ਵਿਦੇਸ਼ ਮੰਤਰਾਲਾ ਨੇ ਪੰਜਾਬ ਪੁਲਸ ਤੋਂ ਮੁਲਜ਼ਮਾਂ ਦਾ ਵੇਰਵਾ, ਅਪਰਾਧਕ ਘਟਨਾਵਾਂ ਵਿਚ ਸ਼ਮੂਲੀਅਤ ਅਤੇ ਗ੍ਰਿਫਤਾਰੀ ਵਾਰੰਟ ਦੇ ਨਾਲ-ਨਾਲ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਉਨ੍ਹਾਂ ਦੀ ਭੂਮਿਕਾ ਬਾਰੇ ਵੀ ਰਿਪੋਰਟ ਮੰਗੀ ਹੈ। 

ਉਧਰ ਗੈਂਗਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਕੀਨੀਆ ਵਿਚ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੁਲਸ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਹੈ ਕਿ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਅਗਵਾਈ ਵਿੱਚ ਏ.ਆਈ.ਜੀ. ਗੁਰਮੀਤ ਚੌਹਾਨ ਅਤੇ ਡੀ.ਐੱਸ.ਪੀ. ਬਿਕਰਮਜੀਤ ਬਰਾੜ ਦੇ ਨਾਲ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਅਨਮੋਲ ਦੀ ਹਰਕਤ ਦਾ ਪਤਾ ਲਗਾਇਆ ਸੀ। ਏ.ਜੀ.ਟੀ.ਐੱਫ. ਅਤੇ ਮਾਨਸਾ ਪੁਲਸ ਸਚਿਨ ਦੀ ਹਵਾਲਗੀ ਲਈ ਦਸਤਾਵੇਜ਼ ਤਿਆਰ ਕਰ ਰਹੀ ਹੈ। 

ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਵਿਚ ਵਿਦੇਸ਼ਾਂ ਵਿਚ ਬੈਠੇ 4 ਗੈਂਗਸਟਰਾਂ ਦੀ ਸ਼ਮੂਲੀਅਤ ਦਾ ਖ਼ੁਲਾਸਾ ਹੋਇਆ ਸੀ। ਇਨ੍ਹਾਂ ਵਿਚ ਸਚਿਨ ਅਤੇ ਅਨਮੋਲ ਬਿਸ਼ਨੋਈ ਤੋਂ ਇਲਾਵਾ ਗੋਲਡੀ ਬਰਾੜ ਅਤੇ ਲਿਪਿਨ ਨਹਿਰਾ ਦਾ ਨਾਂ ਵੀ ਸਾਹਮਣੇ ਆਇਆ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਲਾਰੇਂਸ ਬਿਸ਼ਨੋਈ ਨੇ ਆਪਣੇ ਭਰਾ ਅਨਮੋਲ ਅਤੇ ਕਰੀਬੀ ਸਹਿਯੋਗੀ ਸਚਿਨ ਨੂੰ ਬਚਾਉਣ ਲਈ ਜਾਅਲੀ ਪਾਸਪੋਰਟਾਂ ਦਾ ਪ੍ਰਬੰਧ ਕੀਤਾ ਸੀ। ਇਹ ਪਾਸਪੋਰਟ ਖੇਤਰੀ ਪਾਸਪੋਰਟ ਦਫਤਰ, ਦਿੱਲੀ ਦੁਆਰਾ ਜਾਰੀ ਕੀਤੇ ਗਏ ਸਨ। ਲਾਰੈਂਸ ਨੇ ਦੋਹਾਂ ਨੂੰ ਵਿਦੇਸ਼ ਭੇਜ ਦਿੱਤਾ ਸੀ। ਇੰਨਾ ਹੀ ਨਹੀਂ ਅਨਮੋਲ ਦੇ ਖ਼ਿਲਾਫ਼ 18 ਅਪਰਾਧਿਕ ਮਾਮਲੇ ਪਹਿਲਾਂ ਤੋਂ ਦਰਜ ਹਨ, ਉਹ ਪਿਛਲੇ ਸਾਲ 7 ਅਕਤੂਬਰ 2021 ਨੂੰ ਜੋਧਪੁਰ ਦੀ ਜੇਲ੍ਹ ਤੋਂ ਜ਼ਮਾਨਤ ‘ਤੇ ਰਿਹਾਅ ਹੋਇਆ ਸੀ। ਇਸੇ ਤਰ੍ਹਾਂ ਸਚਿਨ ਦੇ ਖ਼ਿਲਾਫ਼ ਵੀ 12 ਅਪਰਾਧਿਕ ਮਾਮਲੇ ਦਰਜ ਹਨ। 

Add a Comment

Your email address will not be published. Required fields are marked *