ਇਸਰੋ ਮੁਖੀ ਬੋਲੇ- ਹੁਣ ਸਾਡੀ ਨਜ਼ਰ ਮੰਗਲ ਗ੍ਰਹਿ ‘ਤੇ

ਬੈਂਗਲੁਰੂ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐੱਸ ਸੋਮਨਾਥ ਨੇ ਚੰਦਰਯਾਨ-3 ਦੀ ਸਫਲਤਾ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਇਸ ਦਾ ਸਿਹਰਾ ਵਿਗਿਆਨੀਆਂ ਨੂੰ ਦਿੱਤਾ, ਜਿਨ੍ਹਾਂ ਨੇ ਇਸ ਉਪਲਬਧੀ ਨੂੰ ਹਾਸਲ ਕਰਨ ਲਈ ਬਹੁਤ ਦੁੱਖ ਅਤੇ ਤਕਲੀਫਾਂ ਨੂੰ ਝੱਲਿਆ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਸਰੋ ਦਾ ਯਾਨ ਆਉਣ ਵਾਲੇ ਸਾਲਾਂ ਵਿੱਚ ਮੰਗਲ ਗ੍ਰਹਿ ‘ਤੇ ਉੱਤਰੇਗਾ। ਸੋਮਨਾਥ ਨੇ ਕਿਹਾ ਕਿ ਚੰਦਰਯਾਨ-3 ਦੀ ਸਫਲਤਾ ਇਸਰੋ ਲੀਡਰਸ਼ਿਪ ਅਤੇ ਵਿਗਿਆਨੀਆਂ ਦੀਆਂ ਪੀੜ੍ਹੀਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹੈ ਅਤੇ ਇਹ ਸਫਲਤਾ “ਬਹੁਤ ਵੱਡੀ” ਅਤੇ “ਉਤਸ਼ਾਹਿਤ ਕਰਨ ਵਾਲੀ” ਹੈ।

ਉਨ੍ਹਾਂ ਕਿਹਾ ਕਿ ਚੰਦਰਮਾ ਦੀ ਯਾਤਰਾ ਔਖੀ ਹੈ ਤੇ ਅੱਜ ਕਿਸੇ ਵੀ ਦੇਸ਼ ਲਈ ਤਕਨੀਕੀ ਸਮਰੱਥਾ ਹਾਸਲ ਕਰਨ ਦੇ ਬਾਵਜੂਦ ਕਿਸੇ ਵੀ ਖਗੋਲੀ ਪਿੰਡ ‘ਤੇ ਵਾਹਨ ਨੂੰ ਸਫਲਤਾਪੂਰਵਕ ਉਤਾਰਨਾ ਮੁਸ਼ਕਿਲ ਕੰਮ ਹੈ। ਇਸਰੋ ਮੁਖੀ ਨੇ ਕਿਹਾ ਕਿ ਭਾਰਤ ਨੇ ਇਹ ਸਫਲਤਾ ਸਿਰਫ਼ 2 ਮਿਸ਼ਨਾਂ ਵਿੱਚ ਹਾਸਲ ਕੀਤੀ ਹੈ। ਚੰਦਰਮਾ ‘ਤੇ ਯਾਨ ਉਤਾਰਨ ਦੀ ਪਹਿਲੀ ਕੋਸ਼ਿਸ਼ ‘ਚ ਮਿਸ਼ਨ ਚੰਦਰਯਾਨ-2 ਆਖਰੀ ਸਮੇਂ ‘ਤੇ ਅਸਫਲ ਹੋ ਗਿਆ ਸੀ, ਜਦਕਿ ਚੰਦਰਯਾਨ-3 ਮਿਸ਼ਨ ਪੂਰੀ ਤਰ੍ਹਾਂ ਸਫਲ ਰਿਹਾ। ਚੰਦਰਯਾਨ-1 ਚੰਦਰਮਾ ਦੀ ਪਰਿਕਰਮਾ ਕਰਨ ਵਾਲਾ ਇਕਮਾਤਰ ਮਨੁੱਖ ਰਹਿਤ ਪੁਲਾੜ ਯਾਨ ਹੋਣਾ ਸੀ।

ਸੋਮਨਾਥ ਨੇ ਕਿਹਾ, “ਚੰਦਰਯਾਨ-3 ਮਿਸ਼ਨ ਦੀ ਇਹ ਸਫਲਤਾ ਨਾ ਸਿਰਫ ਚੰਦਰ ਮਿਸ਼ਨ ਲਈ ਸਗੋਂ ਮੰਗਲ ਗ੍ਰਹਿ ‘ਤੇ ਜਾਣ ਲਈ ਵੀ ਸਾਡਾ ਆਤਮਵਿਸ਼ਵਾਸ ਵਧਾਏਗੀ। ਇਕ ਦਿਨ ਮੰਗਲ ਗ੍ਰਹਿ ‘ਤੇ ਸਾਫਟ ਲੈਂਡਿੰਗ ਹੋਵੇਗੀ ਅਤੇ ਹੋ ਸਕਦਾ ਹੈ ਕਿ ਭਵਿੱਖ ‘ਚ ਵੀਨਸ ਅਤੇ ਹੋਰ ਗ੍ਰਹਿਆਂ ‘ਤੇ ਵੀ ਅਜਿਹਾ ਯਤਨ ਕੀਤਾ ਜਾਵੇਗਾ।” ਉਨ੍ਹਾਂ ਕਿਹਾ ਕਿ ਚੰਦਰਯਾਨ-3 ਕਠਿਨ ਮਿਸ਼ਨ ਹੈ ਅਤੇ ਅਸੀਂ ਇਸ ਦੇ ਲਈ ਬਹੁਤ ਕਸ਼ਟ ਵਿੱਚੋਂ ਲੰਘੇ।” ਇਸਰੋ ਮੁਖੀ ਨੇ ਕਿਹਾ ਕਿ ਚੰਦਰਯਾਨ-2 ਲਈ ਕੰਮ ਕਰਨ ਵਾਲੇ ਮਹੱਤਵਪੂਰਨ ਵਿਗਿਆਨੀ ਵੀ ਚੰਦਰਯਾਨ-3 ਟੀਮ ਦਾ ਹਿੱਸਾ ਸਨ। ਉਨ੍ਹਾਂ ਕਿਹਾ, ”ਜਿਆਦਾਤਰ ਲੋਕ ਚੰਦਰਯਾਨ-2 ਦੇ ਨਾਲ ਸਨ, ਉਹ ਸਾਡੇ ਨਾਲ ਹਨ ਅਤੇ ਚੰਦਰਯਾਨ-3 ‘ਚ ਸਾਡੀ ਮਦਦ ਕਰ ਰਹੇ ਹਨ। ਉਹ ਇਸ ਦਾ ਹਿੱਸਾ ਹਨ, ਉਹ ਵੀ ਓਨੇ ਹੀ ਦਰਦ ‘ਚੋਂ ਲੰਘੇ ਹਨ।

ਸੋਮਨਾਥ ਨੇ ਦੱਸਿਆ ਕਿ ਇਹ ਵਿਸ਼ਵ ਪੱਧਰੀ ਉਪਕਰਨਾਂ ਦੇ ਨਾਲ ਇਕ ਸੰਪੂਰਨ ‘ਮੇਕ ਇਨ ਇੰਡੀਆ’ ਮਿਸ਼ਨ ਸੀ। ਉਨ੍ਹਾਂ ਕਿਹਾ, ”…ਚੰਦਰਯਾਨ-3 ‘ਚ ਸਾਡੇ ਕੋਲ ਜੋ ਤਕਨੀਕ ਹੈ, ਉਹ ਚੰਦਰਮਾ ‘ਤੇ ਜਾਣ ਵਾਲੀ ਕਿਸੇ ਵੀ ਹੋਰ ਤਕਨੀਕ ਤੋਂ ਘੱਟ ਗੁੰਝਲਦਾਰ ਜਾਂ ਘਟੀਆ ਨਹੀਂ ਹੈ। ਸਾਡੇ ਕੋਲ ਚੰਦਰਯਾਨ-3 ਵਿੱਚ ਦੁਨੀਆ ਦੇ ਸਭ ਤੋਂ ਵਧੀਆ ਸੈਂਸਰ, ਆਪਣੀ ਸ਼੍ਰੇਣੀ ‘ਚ ਸਭ ਤੋਂ ਵਧੀਆ (ਯੰਤਰ) ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਗੁੰਝਲਦਾਰ ਮਿਸ਼ਨ ਦੇ ਪੂਰਾ ਹੋਣ ਦੇ ਗਵਾਹ ਬਣਨ ਲਈ ਦੱਖਣੀ ਅਫਰੀਕਾ ਤੋਂ ਆਨਲਾਈਨ ਜੁੜੇ ਅਤੇ ਉਨ੍ਹਾਂ ਵਿਗਿਆਨੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।

Add a Comment

Your email address will not be published. Required fields are marked *