ਕ੍ਰਿਕਟ ਮਹਾਨ ਖਿਡਾਰੀ ਹੀਥ ਸਟ੍ਰੀਕ ਨੇ ਦੁਨੀਆ ਨੂੰ ਕਿਹਾ ਅਲਵਿਦਾ

ਜ਼ਿੰਬਾਬਵੇ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਅਨੁਭਵੀ ਖਿਡਾਰੀ ਹੀਥ ਸਟ੍ਰੀਕ ਨੇ 49 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਬੁੱਧਵਾਰ ਨੂੰ ਉਨ੍ਹਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਉਂਦੇ ਹੀ ਪ੍ਰਸ਼ੰਸਕ ਸੋਗ ‘ਚ ਹਨ। ਉਹ ਲੰਬੇ ਸਮੇਂ ਤੋਂ ਕੈਂਸਰ ਦੀ ਲੜਾਈ ਲੜ ਰਹੇ ਸਨ। ਗੇਂਦਬਾਜ਼ ਆਲਰਾਊਂਡਰ ਦੇ ਤੌਰ ‘ਤੇ ਉਨ੍ਹਾਂ ਨੇ ਕ੍ਰਿਕਟ ਜਗਤ ‘ਚ ਆਪਣਾ ਨਾਂ ਬਣਾ ਲਿਆ ਸੀ। ਜ਼ਿੰਬਾਬਵੇ ਲਈ ਅੰਤਰਰਾਸ਼ਟਰੀ ਕ੍ਰਿਕਟ ‘ਚ ਉਨ੍ਹਾਂ ਨੇ ਕਈ ਮੈਚ ਵਿਨਿੰਗ ਪ੍ਰਦਰਸ਼ਨ ਕਰ ਜਿੱਤ ਦਿਵਾਉਣ ਦਾ ਕੰਮ ਕੀਤਾ ਸੀ।

ਹੀਥ ਸਟ੍ਰੀਕ ਨੇ ਲੰਬੇ ਸਮੇਂ ਤੱਕ ਜ਼ਿੰਬਾਬਵੇ ਦੀ ਕਪਤਾਨੀ ਵੀ ਕੀਤੀ ਸੀ। ਉਨ੍ਹਾਂ ਦੀ ਕਪਤਾਨੀ ਵਾਲੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸਾਲ 2000 ‘ਚ ਜ਼ਿੰਬਾਬਵੇ ਕ੍ਰਿਕਟ ਬੋਰਡ ਨੇ ਹੀਥ ਸਟ੍ਰੀਕ ਨੂੰ ਟੈਸਟ ਅਤੇ ਵਨਡੇ ਦੋਵਾਂ ਟੀਮਾਂ ਦਾ ਕਪਤਾਨ ਬਣਾਇਆ। ਇਸ ਦੌਰਾਨ ਉਨ੍ਹਾਂ ਨੇ ਕਈ ਵੱਡੇ ਮੈਚਾਂ ‘ਚ ਟੀਮ ਨੂੰ ਜਿੱਤ ਦਿਵਾਉਣ ਦਾ ਕਾਰਨਾਮਾ ਕੀਤਾ ਸੀ। ਹੀਥ ਸਟ੍ਰੀਕ ਦੀ ਮੌਤ ਨਾਲ ਕ੍ਰਿਕਟ ਜਗਤ ਸਦਮੇ ‘ਚ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਹੀਥ ਸਟ੍ਰੀਕ ਕੈਂਸਰ ਨਾਲ ਜੂਝ ਰਹੇ ਸਨ। ਕੈਂਸਰ ਦੀ ਚੌਥੀ ਸਟੇਜ ‘ਚ ਹੋਣ ਕਾਰਨ ਹੀਥ ਸਟ੍ਰੀਕ ਦੀ ਸਿਹਤ ‘ਚ ਲਗਾਤਾਰ ਗਿਰਾਵਟ ਆ ਰਹੀ ਸੀ। ਉਨ੍ਹਾਂ ਦਾ ਇਲਾਜ ਦੱਖਣੀ ਅਫਰੀਕਾ ‘ਚ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਜ਼ਿੰਬਾਬਵੇ ਦੇ ਸਿਹਤ ਮੰਤਰੀ ਨੇ ਹੀਥ ਸਟ੍ਰੀਕ ਬਾਰੇ ਕਿਹਾ ਸੀ ਕਿ ਉਨ੍ਹਾਂ ਦੀ ਹਾਲਤ ‘ਚ ਸੁਧਾਰ ਨਹੀਂ ਹੋ ਰਿਹਾ ਹੈ।

ਸਟ੍ਰੀਕ ਦੀ ਕਪਤਾਨੀ ‘ਚ ਜ਼ਿੰਬਾਬਵੇ ਨੇ 21 ‘ਚੋਂ 4 ਟੈਸਟ ਜਿੱਤੇ ਅਤੇ 11 ਹਾਰੇ। ਦੂਜੇ ਪਾਸੇ ਉਨ੍ਹਾਂ ਨੇ ਵਨਡੇ ‘ਚ 68 ਮੈਚਾਂ ‘ਚ ਟੀਮ ਦੀ ਕਪਤਾਨੀ ਕੀਤੀ। ਇਸ ਦੌਰਾਨ ਉਨ੍ਹਾਂ ਨੂੰ 47 ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਉਨ੍ਹਾਂ ਦੀ ਕਪਤਾਨੀ ‘ਚ ਟੀਮ ਨੇ 18 ਮੈਚਾਂ ‘ਚ ਜਿੱਤ ਦਰਜ ਕੀਤੀ। ਉਨ੍ਹਾਂ ਨੇ ਟੈਸਟ ‘ਚ 1990 ਅਤੇ ਵਨਡੇ ‘ਚ 2943 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਵਨਡੇ ‘ਚ ਸਟ੍ਰੀਕ ਨੇ 29.82 ਦੀ ਔਸਤ ਨਾਲ 239 ਵਿਕਟਾਂ ਲਈਆਂ ਹਨ।

Add a Comment

Your email address will not be published. Required fields are marked *