ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਫਿਰ ਵਧਿਆ ਪਾਣੀ ਦਾ ਪੱਧਰ

ਫਿਰੋਜ਼ਪੁਰ/ਨੰਗਲ/ਹਾਜ਼ੀਪੁਰ – ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵਧਣ ਨਾਲ ਹੁਸੈਨੀਵਾਲਾ ਸਥਿਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਯਾਦਗਾਰ ਵੀ ਪਾਣੀ ’ਚ ਘਿਰ ਗਈ ਹੈ ਅਤੇ ਫਿਰੋਜ਼ਪੁਰ ਅਤੇ ਫਾਜ਼ਿਲਕਾ ਭਾਰਤ-ਪਾਕਿ ਸਰਹੱਦ ’ਤੇ ਸਤਲੁਜ ਦਰਿਆ ਦੇ ਕੋਲ ਵੱਸੇ ਲਗਭਗ 100 ਪਿੰਡ ਹੜ੍ਹ ਦੇ ਪਾਣੀ ’ਚ ਡੁੱਬ ਗਏ ਹਨ। ਹੁਸੈਨੀਵਾਲਾ ਹੈੱਡ ਵਰਕਸ ਤੋਂ ਕੱਲ 2,58,910 ਕਿਊਸਿਕ ਪਾਣੀ ਛੱਡੇ ਜਾਣ ਤੋਂ ਬਾਅਦ ਫਾਜ਼ਿਲਕਾ ਦੇ ਸਰਹੱਦੀ ਪਿੰਡ ਅਤੇ ਖੇਤ ਹੜ੍ਹ ਦੇ ਪਾਣੀ ’ਚ ਡੁੱਬ ਗਏ ਹਨ। ਸਤਲੁਜ ਦਰਿਆ ਦੇ ਨਾਲ ਲੱਗਦੇ ਇਨ੍ਹਾਂ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਹੜ੍ਹ ਦੇ ਪਾਣੀ ਨਾਲ ਉਨ੍ਹਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਅਤੇ ਸਬਜ਼ੀਆਂ ਨਸ਼ਟ ਹੋ ਗਈਆਂ ਹਨ। ਉਹ ਸਭ ਕੁਝ ਆਪਣੇ ਘਰਾਂ ’ਚ ਛੱਡ ਕੇ ਬਾਹਰ ਸੁਰੱਖਿਅਤ ਥਾਵਾਂ ’ਤੇ ਆਏ ਹੈ। ਦਰਿਆ ’ਚ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਕਈ ਦਰਖਤ ਡਿੱਗ ਗਏ ਅਤੇ ਇਕ ਜੇ. ਸੀ. ਬੀ. ਮਸ਼ੀਨ ਰੁੜ੍ਹ ਗਈ।

ਉੱਥੇ ਹੀ, ਜ਼ਿਲ੍ਹਾ ਪ੍ਰਸ਼ਾਸਨ, ਪੁਲਸ, ਬੀ.ਐੱਸ.ਐੱਫ., ਫ਼ੌਜ ਅਤੇ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਲੋਕਾਂ ਨੂੰ ਪਿੰਡਾਂ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਰਹੀਆਂ ਹਨ। ਪਸ਼ੂਆਂ ਨੂੰ ਵੀ ਸੁਰੱਖਿਅਤ ਕੱਢਿਆ ਜਾ ਰਿਹਾ ਹੈ। ਰਾਹਤ ਟੀਮਾਂ ਨੂੰ ਰਾਤ ਦੇ ਸਮੇਂ ਲੋਕਾਂ ਨੂੰ ਰੈਸਕਿਊ ਕਰਨ ’ਚ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਦੂਜੇ ਪਾਸੇ ਐਕਸੀਅਨ ਡ੍ਰੇਨੇਜ ਫਿਰੋਜ਼ਪੁਰ ਗੀਤੇਸ਼ ਉਪਵੇਦਾ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਹੁਸੈਨੀਵਾਲਾ ਹੈੱਡ ਵਰਕਸ ’ਚ ਲਗਭਗ 2 ਲੱਖ 80 ਹਜ਼ਾਰ ਕਿਊਸਿਕ ਪਾਣੀ ਸੀ, ਜਦੋਂ ਕਿ ਭਾਖੜਾ ਤੋਂ 47000 ਅਤੇ ਪੌਂਗ ਡੈਮ ਤੋਂ 78000 ਕਿਊਸਿਕ ਪਾਣੀ ਹੋਰ ਛੱਡਿਆ ਗਿਆ ਹੈ, ਜਿਸ ਨੂੰ ਪੁੱਜਣ ’ਚ ਅਜੇ ਸਮਾਂ ਲੱਗੇਗਾ। ਸੰਭਾਵਨਾ ਹੈ ਕਿ ਹੁਣ ਪਾਣੀ ਦਾ ਪੱਧਰ ਘੱਟ ਹੋਣਾ ਸ਼ੁਰੂ ਹੋ ਜਾਵੇਗਾ। 

ਓਧਰ, ਹਿਮਾਚਲ ਪ੍ਰਦੇਸ਼ ਦੇ ਉੱਪਰੀ ਖੇਤਰਾਂ ਤੋਂ ਪਾਣੀ ਦੀ ਆਮਦ ’ਚ ਗਿਰਾਵਟ ਕਾਰਨ ਭਾਖੜਾ ਬੰਨ੍ਹ ’ਚ ਪਾਣੀ ਦਾ ਪੱਧਰ 1674.39 ਫੁੱਟ ਦਰਜ ਕੀਤਾ ਗਿਆ। ਸ਼ਨੀਵਾਰ ਨੂੰ ਵੀ ਭਾਖੜਾ ਬੰਨ੍ਹ ਦੇ ਫਲੱਡ ਗੇਟ ਖੁੱਲ੍ਹੇ ਰਹੇ ਅਤੇ ਸਤਲੁਜ ਦਰਿਆ ’ਚ ਘੱਟ ਪਾਣੀ ਛੱਡਿਆ ਗਿਆ। ਭਾਖੜਾ ਬੰਨ੍ਹ ਦੀ ਗੋਬਿੰਦ ਸਾਗਰ ਝੀਲ ’ਚ ਪਾਣੀ ਦੀ ਆਮਦ 48173 ਕਿਊਸਿਕ ਦਰਜ ਕੀਤੀ ਗਈ ਅਤੇ ਭਾਖੜਾ ਬੰਨ੍ਹ ਤੋਂ ਨੰਗਲ ਡੈਮ ਲਈ 57,509 ਕਿਊਸਿਕ ਪਾਣੀ ਛੱਡਿਆ ਗਿਆ। ਦੂਜੇ ਪਾਸੇ ਪੌਂਗ ਡੈਮ ਝੀਲ ’ਚ ਪਾਣੀ ਦੀ ਆਮਦ ਘੱਟ ਹੋਣ ’ਤੇ ਡੈਮ ਤੋਂ ਪਾਣੀ ਘੱਟ ਛੱਡਿਆ ਗਿਆ ਹੈ ਪਰ ਡੈਮ ’ਚ ਪਾਣੀ ਦਾ ਪੱਧਰ ਅਜੇ ਵੀ ਖਤਰੇ ਦੇ ਨਿਸ਼ਾਨ ਤੋਂ 2.27 ਫੁੱਟ ਉੱਪਰ ਚੱਲ ਰਿਹਾ ਹੈ। ਪੌਂਗ ਡੈਮ ਤੋਂ ਸਪਿਲਵੇ ਰਾਹੀਂ 60,993 ਅਤੇ ਪਾਵਰ ਹਾਊਸ ਰਾਹੀਂ 17,124 (ਕੁੱਲ 78,117) ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ’ਚ ਛੱਡਿਆ ਗਿਆ। ਉੱਥੇ ਹੀ ਸ਼ਾਹ ਨਹਿਰ ਬੈਰਾਜ ’ਚੋਂ ਅੱਜ 66,417 ਕਿਊਸਿਕ ਪਾਣੀ ਬਿਆਸ ਦਰਿਆ ’ਚ ਛੱਡਿਆ ਗਿਆ ਹੈ। ਜਿਸ ਕਾਰਨ ਅੰਮ੍ਰਿਤਸਰ ਸਥਿਤ ਬਿਆਸ ਅਤੇ ਕਪੂਰਥਲਾ ਦੇ ਭੁਲੱਥ ਹਲਕਿਆਂ ’ਚ ਕਈ ਪਿੰਡ ਹੜ੍ਹ ਦੀ ਲਪੇਟ ’ਚ ਆਏ ਹੋਏ ਹਨ।

Add a Comment

Your email address will not be published. Required fields are marked *