ਵਿਦੇਸ਼ ’ਚ ਬੈਠੇ ਅੱਤਵਾਦੀ ਲਖਬੀਰ ਲੰਡਾ ਦੇ 3 ਸ਼ੂਟਰ ਹਥਿਆਰਾਂ ਸਣੇ ਗ੍ਰਿਫ਼ਤਾਰ

ਫਿਲੌਰ –ਫਿਲੌਰ ਪੁਲਸ ਨੇ ਵਿਦੇਸ਼ ’ਚ ਬੈਠੇ ਖ਼ਤਰਨਾਕ ਅੱਤਵਾਦੀ ਲਖਬੀਰ ਸਿੰਘ ਲੰਡਾ ਹਰੀਕੇ ਦੇ ਗਿਰੋਹ ਦੇ 3 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 7 ਵਿਦੇਸ਼ੀ ਪਿਸਤੌਲ, ਇਕ 32 ਬੋਰ ਰਿਵਾਲਵਰ, ਇਕ 315 ਬੋਰ ਪਿਸਤੌਲ ਸਮੇਤ 37 ਜ਼ਿੰਦਾ ਰੌਂਦ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ। ਫੜੇ ਗਏ ਤਿੰਨਾਂ ਗੈਂਗਸਟਰਾਂ ਨੇ ਵਿਦੇਸ਼ ਤੋਂ ਲੰਡਾ ਦਾ ਨਿਰਦੇਸ਼ ਮਿਲਦਿਆਂ ਹੀ ਕਪੂਰਥਲਾ ਦੇ 4 ਵਿਅਕਤੀਆਂ ਅਤੇ ਨਵਾਂਸ਼ਹਿਰ ਦੇ ਰਹਿਣ ਵਾਲੇ 2 ਵਿਅਕਤੀਆਂ ਨੂੰ ਗੋਲ਼ੀਆਂ ਮਾਰ ਕੇ ਮੌਤ ਦੇ ਘਾਟ ਉਤਾਰਨਾ ਸੀ। ਪੱਤਰਕਾਰ ਸੰਮੇਲਨ ’ਚ ਐੱਸ. ਐੱਸ. ਪੀ. ਜਲੰਧਰ ਸਵਰਨਦੀਪ ਸਿੰਘ, ਐੱਸ. ਪੀ. ਡੀ. ਸਰਬਜੀਤ ਬਾਹੀਆ ਨੇ ਦੱਸਿਆ ਕਿ ਫਿਲੌਰ ਪੁਲਸ ਦੇ ਥਾਣਾ ਮੁਖੀ ਇੰਸ. ਸੁਰਿੰਦਰ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਵਿਦੇਸ਼ ’ਚ ਬੈਠੇ ਖ਼ਤਰਨਾਕ ਅੱਤਵਾਦੀ ਲਖਬੀਰ ਲੰਡਾ ਦੇ ਬਾਹਰ ਬੈਠੇ 3 ਸਾਥੀ ਅੰਮ੍ਰਿਤਸਰ ਜੇਲ੍ਹ ’ਚ ਬੰਦ ਰਵੀ ਬਲਾਚੌਰੀਆ ਨਾਲ ਸੰਪਰਕ ਕਰ ਕੇ ਹਥਿਆਰਾਂ ਦੀ ਖੇਪ ਮੰਗਵਾ ਕੇ ਪੰਜਾਬ ’ਚ ਵੱਡੀਆਂ ਵਾਰਦਾਤਾਂ ਕਰਨ ਵਾਲੇ ਹਨ, ਜਿਸ ’ਤੇ ਇੰਸ. ਸੁਰਿੰਦਰ ਕੁਮਾਰ ਨੇ ਆਪਣੀ ਪੂਰੀ ਟੀਮ ਨੂੰ ਚੌਕਸ ਕਰ ਦਿੱਤਾ ਅਤੇ ਇਨ੍ਹਾਂ ਗੈਂਗਸਟਰਾਂ ਨੂੰ ਫੜਨ ਲਈ 24 ਘੰਟੇ ਇਨ੍ਹਾਂ ਦੇ ਪਿੱਛੇ ਲੱਗ ਗਏ।

ਐੱਸ. ਐੱਸ. ਪੀ. ਸਵਰਨਦੀਪ ਸਿੰਘ ਨੇ ਦੱਸਿਆ ਕਿ ਇੰਸ. ਸੁਰਿੰਦਰ ਕੁਮਾਰ ਨੇ ਇਨ੍ਹਾਂ ਗੈਂਗਸਟਰਾਂ ਨੂੰ ਫੜਨ ਲਈ ਜਾਲ ਵਿਛਾਇਆ। ਇਨ੍ਹਾਂ ਗੈਂਗਸਟਰਾਂ ’ਚੋਂ ਇਕ ਦਾ ਫੋਨ ਨੰਬਰ ਪੁਲਸ ਪਾਰਟੀ ਨੂੰ ਮਿਲ ਗਿਆ। ਉਸੇ ਫੋਨ ’ਤੇ ਰਵੀ ਬਲਾਚੌਰੀਆ ਨੇ ਇਨ੍ਹਾਂ ਨੂੰ ਨਿਰਦੇਸ਼ ਦਿੱਤੇ ਕਿ 6 ਵਿਅਕਤੀਆਂ ਨੂੰ ਉਨ੍ਹਾਂ ਨੇ ਮੌਤ ਦੇ ਘਾਟ ਉਤਾਰਨਾ ਹੈ। ਉਹ ਪਟਿਆਲਾ ਜੇਲ੍ਹ ’ਚ ਬੰਦ ਗੈਂਗਸਟਰ ਰਾਜਵੀਰ ਕੌਸ਼ਲ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਹਥਿਆਰ ਪਹੁੰਚਾ ਦੇਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੇ ਰਾਜਵੀਰ ਕੌਸ਼ਲ ਨਾਲ ਸੰਪਰਕ ਕੀਤਾ, ਜਿਸ ਨੇ ਉਨ੍ਹਾਂ ਨੂੰ ਮੇਰਠ, ਯੂ. ਪੀ. ਤੋਂ ਹਥਿਆਰਾਂ ਦੀ ਵੱਡੀ ਖੇਪ ਦਿਵਾ ਦਿੱਤੀ।

ਹਥਿਆਰਾਂ ਦੀ ਖੇਪ ਮਿਲਦੇ ਹੀ ਇਹ ਤਿੰਨੋਂ ਗੈਂਗਸਟਰ ਲਖਬੀਰ ਲੰਡਾ ਦੇ ਨਿਰਦੇਸ਼ ਦੇ ਇੰਤਜ਼ਾਰ ’ਚ ਸਨ। ਇਨ੍ਹਾਂ ਤਿੰਨਾਂ ਨੇ ਖੱਤਰੀ ਗੈਂਗ ਦੇ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰਨਾ ਸੀ। ਜਿਉਂ ਹੀ ਇਹ ਤਿੰਨੋਂ ਗੈਂਗਸਟਰ ਕਾਰ ’ਚ ਸਵਾਰ ਹੋ ਕੇ ਪਿੰਡ ਅੱਪਰਾ ਨੇੜੇ ਰਸਤੇ ਤੋਂ ਗੁਜ਼ਰ ਰਹੇ ਸਨ ਤਾਂ ਥਾਣਾ ਮੁਖੀ ਨੇ ਚੌਕੀ ਇੰਚਾਰਜ ਅੱਪਰਾ ਸੁਖਵਿੰਦਰ ਸਿੰਘ ਨੂੰ ਕਹਿ ਕੇ ਰਸਤੇ ’ਚ ਨਾਕਾਬੰਦੀ ਕਰਵਾ ਦਿੱਤੀ, ਜਿਥੇ ਇਹ ਤਿੰਨੋਂ ਗੈਂਗਸਟਰ ਲਵਪ੍ਰੀਤ ਸਿੰਘ ਲਾਡੀ, ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਸੁੱਖਾ ਨੂੰ 7 ਪਿਸਤੌਲ, ਇਕ 32 ਬੋਰਡ ਰਿਵਾਲਵਰ, ਇਕ 315 ਬੋਰ ਪਿਸਤੌਲ ਅਤੇ 37 ਰੌਂਦ ਸਣੇ ਗ੍ਰਿਫ਼ਤਾਰ ਕਰ ਕੇ ਵੱਡੀ ਗੈਂਗਵਾਰ ਦੀ ਘਟਨਾ ਨੂੰ ਟਾਲ ਦਿੱਤਾ। ਫੜੇ ਗਏ ਗੈਂਗਸਟਰ ਗਗਨਦੀਪ ਦੇ ਭਰਾ ਅਮਨਦੀਪ ਨੂੰ ਕਪੂਰਥਲਾ ’ਚ ਖੱਤਰੀ ਗੈਂਗ ਦੇ ਲੋਕਾਂ ਨੇ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਸੀ, ਜਿਸ ਦਾ ਬਦਲਾ ਲੈਣ ਲਈ ਇਨ੍ਹਾਂ ਨੇ 6 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਨਾ ਸੀ।

Add a Comment

Your email address will not be published. Required fields are marked *