ਚੀਨੀ ਨਾਗਰਿਕ ਨੇ 1200 ਭਾਰਤੀਆਂ ਤੋਂ ਲੁੱਟੇ 1400 ਕਰੋੜ

ਨਵੀਂ ਦਿੱਲੀ, – ਕਾਂਗਰਸ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਚੀਨ ਦੇ ਇਕ ਨਾਗਰਿਕ ਨੇ ਗੁਜਰਾਤ ’ਚ 9 ਦਿਨਾਂ ਦੇ ਅੰਦਰ 1200 ਭਾਰਤੀ ਨਾਗਰਿਕਾਂ ਤੋਂ 1400 ਕਰੋੜ ਰੁਪਏ ਦੀ ਲੁੱਟ ਕੀਤੀ। ਪਾਰਟੀ ਨੇ ਮੰਗ ਕੀਤੀ ਕਿ ਸਰਕਾਰ ਨੂੰ ‘ਵ੍ਹਾਈਟ ਪੇਪਰ’ ਲਿਆ ਕੇ ਇਸ ’ਤੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।

ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ ਵੂ ਉਯਾਨਬੇ ਨਾਂ ਦਾ ਚੀਨੀ ਤਕਨੀਕੀ ਮਾਹਰ 2020-22 ’ਚ ਭਾਰਤ ’ਚ ਰਿਹਾ, ਉਸ ਨੇ ਇਕ ਨਕਲੀ ਫੁਟਬਾਲ ਸੱਟੇਬਾਜ਼ੀ ਐਪ ਬਣਾਇਆ ਅਤੇ ਭਾਰਤ ਤੋਂ ਦੌੜਣ ਤੋਂ ਪਹਿਲਾਂ ਗੁਜਰਾਤ ਦੇ ਆਮ ਲੋਕਾਂ ਤੋਂ ਕਰੋੜਾਂ ਰੁਪਏ ਠੱਗ ਲਏ। ਜ਼ਿਆਦਾਤਰ ਪੀਡ਼ਤ ਗੁਜਰਾਤ ਦੇ ਬਨਾਸਕਾਂਠਾ ਤੇ ਪਾਟਨ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਤੋਂ ਹਨ।

ਕੁਝ ਰਿਪੋਰਟਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਸ ‘ਦਾਨੀ ਡਾਟਾ ਐਪ’ ਘਪਲੇ ਨੇ ਲੋਕਾਂ ਨੂੰ 4600 ਕਰੋੜ ਰੁਪਏ ਦਾ ਭਾਰੀ ਚੂਨਾ ਲਾਇਆ ਹੋਵੇਗਾ। ਖੇੜਾ ਨੇ ਦਾਅਵਾ ਕੀਤਾ ਕਿ ਭਾਜਪਾ ਸ਼ਾਸਿਤ ਉੱਤਰ ਪ੍ਰਦੇਸ਼ ’ਚ ਪੁਲਸ ਨੇ ਇਸ ਐਪ ਦਾ ਪ੍ਰਚਾਰ-ਪ੍ਰਸਾਰ ਕੀਤਾ।

ਕਾਂਗਰਸ ਨੇਤਾ ਨੇ ਇਹ ਵੀ ਪੁੱਛਿਆ ਕਿ ਚੀਨ ਦੇ ਘਪਲੇਬਾਜ਼ਾਂ ਖਿਲਾਫ ਈ. ਡੀ., ਸੀ. ਬੀ. ਆਈ. ਅਤੇ ਗੰਭੀਰ ਧੋਖੇਬਾਜ਼ੀ ਜਾਂਚ ਦਫ਼ਤਰ (ਐੱਸ. ਐੱਫ. ਆਈ. ਓ.) ਦੀ ਵਰਤੋਂ ਕਿਉਂ ਨਹੀਂ ਕੀਤੀ ਗਈ? ਉਨ੍ਹਾਂ ਕਿਹਾ ਕਿ ਇਕ ਚੀਨੀ ਵਿਅਕਤੀ ਠੱਗੀ ਕਰ ਕੇ ਦੇਸ਼ ’ਚੋਂ ਦੌੜ ਗਿਆ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਉਸ ਨੂੰ ਰੋਕ ਨਹੀਂ ਸਕੇ।

Add a Comment

Your email address will not be published. Required fields are marked *