ਕੌਮੀ ਇਨਸਾਫ਼ ਮੋਰਚੇ ਦੌਰਾਨ ਚੰਡੀਗੜ੍ਹ ‘ਚ 1400 ਪੁਲਸ ਮੁਲਾਜ਼ਮ ਕੀਤੇ ਤਾਇਨਾਤ

ਮੋਹਾਲੀ : ਵਾਈ. ਪੀ. ਐੱਸ. ਚੌਂਕ ’ਚ 8 ਮਹੀਨਿਆਂ ਤੋਂ ਬੈਠੇ ਕੌਮੀ ਇਨਸਾਫ਼ ਮੋਰਚੇ ਦੇ ਮੈਂਬਰਾਂ ਨੇ 15 ਅਗਸਤ ਨੂੰ ਚੰਡੀਗੜ੍ਹ ‘ਚ ਦਾਖ਼ਲ ਹੋ ਕੇ ਮੰਗਾਂ ਸਬੰਧੀ ਰੋਸ ਜਤਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਮੋਹਾਲੀ ਅਤੇ ਚੰਡੀਗੜ੍ਹ ਦੋਹਾਂ ਹੀ ਖੇਤਰਾਂ ਦੇ ਪੁਲਸ ਅਧਿਕਾਰੀਆਂ ਨੇ ਆਪਣੀ-ਆਪਣੀ ਫੋਰਸ ਨੂੰ ਪੂਰੀ ਤਰ੍ਹਾਂ ਅਲਰਟ ਕਰ ਦਿੱਤਾ ਹੈ। ਸਥਿਤੀ ਨਾਲ ਨਜਿੱਠਣ ਲਈ ਸਾਂਝੀ ਨੀਤੀ ਸਬੰਧੀ ਪੁਲਸ ਅਧਿਕਾਰੀਆਂ ਵਿਚਕਾਰ ਬੈਠਕਾਂ ਦਾ ਦੌਰ ਜਾਰੀ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਪੂਰੇ ਪੰਜਾਬ ਤੋਂ ਪੁਲਸ ਫੋਰਸ ਦੀਆਂ ਯੂਨਿਟਾਂ ਇਕੱਠੀਆਂ ਕਰ ਕੇ ਮੋਹਾਲੀ ‘ਚ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਐੱਸ. ਐੱਸ. ਪੀ. ਮੋਹਾਲੀ ਦੀ ਦੇਖ-ਰੇਖ ‘ਚ ਇੱਥੇ 1400 ਪੁਲਸ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ ’ਤੇ ਤਾਇਨਾਤ ਕੀਤਾ ਜਾਣਾ ਹੈ, ਤਾਂ ਜੋ ਇਲਾਕੇ ‘ਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਨੂੰ ਸਮੇਂ ਸਿਰ ਹੀ ਕੰਟਰੋਲ ਕਰ ਲਿਆ ਜਾਵੇ। ਡੀ. ਐੱਸ. ਪੀ. ਰੈਂਕ ਦੇ ਅਧਿਕਾਰੀ ਲਗਾਤਾਰ ਮੋਰਚੇ ਵਾਲੀ ਥਾਂ ’ਤੇ ਤਾਇਨਾਤ ਰਹਿ ਕੇ ਉੱਥੋਂ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖ ਰਹੇ ਹਨ।

ਸੈਕਟਰ-52/53 ਹੱਦ ਵਲੋਂ ਮੋਰਚੇ ਦੇ ਮੈਂਬਰਾਂ ਦੇ ਚੰਡੀਗੜ੍ਹ ‘ਚ ਦਾਖ਼ਲ ਹੋਣ ਦੇ ਅਲਰਟ ਕਾਰਨ ਇਸ ਪੁਆਇੰਟ ’ਤੇ ਦੋਵਾਂ ਪਾਸਿਆਂ ਦੀ ਪੁਲਸ ਪੂਰੀ ਤਰ੍ਹਾਂ ਚੌਕਸੀ ਬਣਾ ਕੇ ਰੱਖ ਰਹੀ ਹੈ। ਇਕ ਪਾਸੇ ਤਾਂ ਚੰਡੀਗੜ੍ਹ ਪੁਲਸ ਇਸ ਪੁਆਇੰਟ ਤੋਂ ਇਲਾਕੇ ‘ਚ ਦਾਖ਼ਲ ਹੋਣ ਵਾਲਿਆਂ ਨੂੰ ਰੋਕਣ ਦਾ ਕੰਮ ਕਰੇਗੀ ਤਾਂ ਦੂਜੇ ਪਾਸੇ ਮੋਹਾਲੀ ਪੁਲਸ ਵੀ ਇਨ੍ਹਾਂ ਨੂੰ ਮੋਹਾਲੀ ‘ਚ ਹੀ ਰੋਕ ਕੇ ਕੰਟਰੋਲ ਕਰਨ ਦਾ ਕੰਮ ਕਰੇਗੀ। ਇਸ ਤਰ੍ਹਾਂ ਦੋਵਾਂ ਇਲਾਕਿਆਂ ਦੀ ਪੁਲਸ ਇਸ ਦੌਰਾਨ ਪੂਰੀ ਤਰ੍ਹਾਂ ਅਲਰਟ ਹੈ।

ਕੌਮੀ ਇਨਸਾਫ਼ ਮੋਰਚੇ ਨੇ ਮੰਗਾਂ ਸਬੰਧੀ ਵਾਈ. ਪੀ. ਐੱਸ. ਚੌਂਕ ’ਚ ਜਨਵਰੀ ‘ਚ ਪੱਕਾ ਮੋਰਚਾ ਲਾਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਮੋਰਚੇ ਅਤੇ ਅਧਿਕਾਰੀਆਂ ਦੀਆਂ ਬੈਠਕਾਂ ਹੋਈਆਂ ਪਰ ਕੋਈ ਹੱਲ ਨਹੀਂ ਨਿਕਲਿਆ। ਕੁੱਝ ਮਹੀਨੇ ਪਹਿਲਾਂ ਹੀ ਮੋਰਚੇ ਨੇ ਚੰਡੀਗੜ੍ਹ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਚੰਡੀਗੜ੍ਹ ਪੁਲਸ ਨੇ ਦਾਖ਼ਲ ਨਹੀਂ ਹੋਣ ਦਿੱਤਾ ਸੀ। ਇਸ ਦੌਰਾਨ ਪੁਲਸ ਅਤੇ ਮੋਰਚੇ ਦੇ ਮੈਂਬਰਾਂ ਵਿਚਕਾਰ ਹੋਈ ਝੜਪ ‘ਚ ਕਈ ਪੁਲਸ ਮੁਲਾਜ਼ਮ ਅਤੇ ਪ੍ਰਦਰਸ਼ਨਕਾਰੀ ਜ਼ਖਮੀ ਵੀ ਹੋਏ ਸਨ।

ਆਜ਼ਾਦੀ ਦਿਵਸ ’ਤੇ ਚੰਡੀਗੜ੍ਹ ‘ਚ ਦਾਖ਼ਲ ਹੋਣ ਦੇ ਸੱਦੇ ਸਬੰਧੀ ਹੀ ਮੋਰਚੇ ਦੀ ਹਰ ਗਤੀਵਿਧੀ ’ਤੇ ਪੁਲਸ ਦਾ ਖ਼ੁਫ਼ੀਆ ਵਿਭਾਗ ਤਿੱਖੀ ਨਜ਼ਰ ਰੱਖ ਰਿਹਾ ਹੈ, ਤਾਂ ਜੋ ਉਨ੍ਹਾਂ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖਦੇ ਹੋਏ ਕਿਸੇ ਤਰ੍ਹਾਂ ਦੀ ਸਥਿਤੀ ਨੂੰ ਸਫਲਤਾ ਨਾਲ ਕੰਟਰੋਲ ਕੀਤਾ ਜਾ ਸਕੇ।

Add a Comment

Your email address will not be published. Required fields are marked *