ਪਪਲਪ੍ਰੀਤ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ

ਅੰਮ੍ਰਿਤਸਰ, 11 ਅਪਰੈਲ-: ਪੰਜਾਬ ਪੁਲੀਸ ਵੱਲੋਂ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਗ੍ਰਿਫ਼ਤਾਰ ਪਪਲਪ੍ਰੀਤ ਸਿੰਘ ਨੂੰ ਅੱਜ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਭੇਜ ਦਿੱਤਾ ਗਿਆ ਹੈ, ਜਿੱਥੇ ਪਹਿਲਾਂ ਹੀ ਅੱਠ ਸਿੱਖ ਨੌਜਵਾਨ ਐੱਨਐੱਸਏ ਤਹਿਤ ਬੰਦ ਹਨ।

ਪਪਲਪ੍ਰੀਤ ਸਿੰਘ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਨੇੜਲਾ ਸਾਥੀ ਹੈ। ਉਹ 18 ਮਾਰਚ ਤੋਂ ਅੰਮ੍ਰਿਤਪਾਲ ਸਿੰਘ ਦੇ ਨਾਲ ਰੂਪੋਸ਼ ਸੀ ਅਤੇ ਦੋਵਾਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਪੰਜਾਬ ਪੁਲੀਸ ਨੇ ਉਸ ਨੂੰ ਬੀਤੇ ਕੱਲ੍ਹ ਇੱਥੇ ਕੱਥੂਨੰਗਲ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਇੱਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੰਜਾਬ ਪੁਲੀਸ ਦੀ ਟੀਮ ਅੱਜ ਤੜਕੇ ਉਸ ਨੂੰ ਹਵਾਈ ਜਹਾਜ਼ ਰਾਹੀਂ ਡਿਬਰੂਗੜ੍ਹ ਲਿਜਾਣ ਲਈ ਰਵਾਨਾ ਹੋਈ। ਉਨ੍ਹਾਂ ਨੇ ਇੱਥੋਂ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰੀ।

ਇਸ ਦੌਰਾਨ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਪਪਲਪ੍ਰੀਤ ਨੇ ਦੱਸਿਆ ਕਿ ਅੰਮ੍ਰਿਤਪਾਲ ਤੇ ਉਹ 28 ਮਾਰਚ ਤਕ ਇਕੱਠੇ ਸਨ ਅਤੇ ਫਿਰ ਵੱਖ ਹੋ ਗਏ। ਅੰਮ੍ਰਿਤਪਾਲ ਦੀ ਮੌਜੂਦਾ ਸਥਿਤੀ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਅੰਮ੍ਰਿਤਪਾਲ ਸਿੰਘ ਦੇ ਆਤਮ-ਸਮਰਪਣ ਬਾਰੇ ਪੁੱਛਣ ’ਤੇ ਪਪਲਪ੍ਰੀਤ ਨੇ ਕਿਹਾ ਕਿ ਇਹ ਉਸ ’ਤੇ ਨਿਰਭਰ ਹੈ, ਇਸ ਸਬੰਧੀ ਉਸ ਨਾਲ ਕੋਈ ਗੱਲ ਨਹੀਂ ਹੋਈ। ਪਪਲਪ੍ਰੀਤ ਸਿੰਘ (40) ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮਰੜੀ ਦਾ ਵਸਨੀਕ ਹੈ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੀ ਪਤਨੀ ਨੇ ਉਸ ਖ਼ਿਲਾਫ਼ ਕੌਮੀ ਸੁਰੱਖਿਆ ਐਕਟ ਤਹਿਤ ਕੇਸ ਦਰਜ ਕਰਨ ਦਾ ਵਿਰੋਧ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਉਸ ਨੇ ਦੇਸ਼ ਵਿਰੋਧੀ ਕੋਈ ਕੰਮ ਨਹੀਂ ਕੀਤਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲਾਂ ਦੀ ਤਿੰਨ ਮੈਂਬਰੀ ਟੀਮ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਿੱਖ ਨੌਜਵਾਨਾਂ ਨੂੰ ਮਿਲ ਕੇ ਆਈ ਹੈ। ਇਸ ਦੀ ਅਗਵਾਈ ਕਰ ਰਹੇ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਦੱਸਿਆ ਕਿ ਟੀਮ ਵੱਲੋਂ ਆਪਣੀ ਰਿਪੋਰਟ ਭਲਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣ ਮਗਰੋਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਿੱਖ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਗਈ ਹੈ ਅਤੇ ਉਹ ਸਾਰੇ ਠੀਕ ਹਨ।

Add a Comment

Your email address will not be published. Required fields are marked *