‘ਆਪ’ ਸਰਕਾਰ ਖ਼ਿਲਾਫ਼ ਇਕਸੁਰ ਹੋਏ ਕਾਂਗਰਸੀ

ਪਠਾਨਕੋਟ, 13 ਅਗਸਤਪਿੰਡ ਗੋਲ ਦੀ 92 ਏਕੜ ਪੰਚਾਇਤੀ ਜ਼ਮੀਨ ਤਬਦੀਲ ਕਰਨ ਦੇ ਚਰਚਿਤ ਮਾਮਲੇ ’ਚ ਪੰਜਾਬ ਪ੍ਰਦੇਸ਼ ਕਾਂਗਰਸ ਨੇ ਅੱਜ ਕਥਲੌਰ ਪੁਲ ’ਤੇ ਧਰਨਾ ਦੇ ਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਰੈਲੀ ਨੂੰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਸੁਖਪਾਲ ਸਿੰਘ ਖਹਿਰਾ ਤੇ ਸਾਬਕਾ ਮੰਤਰੀ ਅਰੁਣਾ ਚੌਧਰੀ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ।

ਇਸ ਦੌਰਾਨ ਰਾਜਾ ਵੜਿੰਗ ਨੇ ‘ਆਪ’ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਦੇ ਰਾਜ ’ਚ ਖਣਨ ਮਾਫੀਆ ਅਤੇ ਭੂ-ਮਾਫੀਆ ਵਧ-ਫੁਲ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਪਿੰਡ ਗੋਲ ਪੰਚਾਇਤ ਦੀ 92 ਏਕੜ ਜ਼ਮੀਨ ਇੱਕ ਦਿਨ ’ਚ ਹੀ ਏਡੀਸੀ ਕੁਲਦੀਪ ਸਿੰਘ ਨੇ ਕਥਿਤ ਤੌਰ ’ਤੇ ਨਿੱਜੀ ਵਿਅਕਤੀਆਂ ਦੇ ਨਾਂ ਤਬਦੀਲ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਰਕਾਰ ਵਿਜੀਲੈਂਸ ਦਾ ਡਰਾਵਾ ਦੇ ਕੇ ਕਾਂਗਰਸੀ ਆਗੂਆਂ ਨੂੰ ਅੰਦਰ ਕਰਨ ’ਤੇ ਤੁਲੀ ਹੋਈ ਹੈ, ਪਰ ਉਹ ਡਰਨ ਵਾਲੇ ਨਹੀਂ। ਰਾਜਾ ਵੜਿੰਗ ਨੇ ਕਿਹਾ ਕਿ ਇਸ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਈ ਵਾਅਦੇ ਕੀਤੇ ਸਨ ਜੋ ਹਾਲੇ ਤੱਕ ਪੂਰੇ ਨਹੀਂ ਕੀਤੇ। ਇਨ੍ਹਾਂ ਵਾਅਦਿਆਂ ਵਿੱਚ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਵਾਲਾ ਵਾਅਦਾ ਪ੍ਰਮੁੱਖ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਪੰਜਾਬੀਆਂ ਨਾਲ ਵਾਅਦਾਖ਼ਿਲਾਫ਼ੀ ਕੀਤੀ ਹੈ।ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇੱਕ ਸੋਚੀ ਸਮਝੀ ਯੋਜਨਾ ਤਹਿਤ ਇੱਕ ਬੀਡੀਪੀਓ ਨੂੰ ਤਰੱਕੀ ਦੇ ਕੇ ਡੀਡੀਪੀਓ ਲਗਾਇਆ ਗਿਆ ਤੇ ਫਿਰ ਏਡੀਸੀ ਦਾ ਵਾਧੂ ਚਾਰਜ ਦਿੱਤਾ ਗਿਆ ਜਿਸ ਨੇ ਆਪਣੀ ਸੇਵਾਮੁਕਤੀ ਤੋਂ ਇੱਕ ਦਿਨ ਪਹਿਲਾਂ ਪੰਚਾਇਤ ਦੀ ਕਰੋੜਾਂ ਰੁਪਏ ਦੀ ਭੂਮੀ ਨਿੱਜੀ ਵਿਅਕਤੀਆਂ ਦੇ ਨਾਂ ਕਰ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਵਿਅਕਤੀ ਇਸ ਹਲਕੇ ਦੇ ਮੰਤਰੀ ਦਾ ਕਰੀਬੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਿਆਸੀ ਸ਼ਹਿ ਤੋਂ ਬਗੈਰ ਕੋਈ ਅਧਿਕਾਰੀ ਇੰਨਾ ਵੱਡਾ ਘਪਲਾ ਨਹੀਂ ਕਰ ਸਕਦਾ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਇਸ ਘਪਲੇ ਪਿੱਛੇ ਜਿਹੜੇ ਮੰਤਰੀਆਂ ਦਾ ਹੱਥ ਹੈ, ਜਦ ਤੱਕ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਕਰਕੇ ਕਾਰਵਾਈ ਨਹੀਂ ਕੀਤੀ ਜਾਂਦੀ ਤਦ ਤੱਕ ਕਾਂਗਰਸ ਚੁੱਪ ਕਰਕੇ ਨਹੀਂ ਬੈਠੇਗੀ ਅਤੇ ਆਪਣਾ ਸੰਘਰਸ਼ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਜੇਕਰ ਕਾਂਗਰਸ ਕਾਨੂੰਨੀ ਲੜਾਈ ਲੜਨੀ ਪਈ ਤਾਂ ਉਹ ਵੀ ਲੜੇਗੀ। ਇਸ ਮੌਕੇ ਹਲਕਾ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ, ਅਮਿਤ ਵਿੱਜ ਤੇ ਟੀਨਾ ਚੌਧਰੀ ਨੇ ਸੰਬੋਧਨ ਕੀਤਾ।

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ‘ਆਪ’ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ’ਤੇ ਰੋਜ਼ਾਨਾ ਨਿੱਤ ਨਵੇਂ ਦੋਸ਼ ਲੱਗ ਰਹੇ ਹਨ ਪਰ ਸਰਕਾਰ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਜੋ ਨਿੱਜੀ ਵਿਅਕਤੀਆਂ ਦੇ ਨਾਂ ਤਬਦੀਲ ਕੀਤੀ ਗਈ ਹੈ, ਇੱਥੋਂ ਕਰੋੜਾਂ ਰੁਪਏ ਦੀ ਹੋਣ ਵਾਲੀ ਆਮਦਨ ਦਾ ਪੰਜਾਬ ਸਰਕਾਰ ਨੂੰ ਚੂਨਾ ਲੱਗਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਭ ਕੁਝ ਆਮ ਆਦਮੀ ਪਾਰਟੀ ਵੱਲੋਂ ਆਉਣ ਵਾਲੀਆਂ ਚੋਣਾਂ ਲੜਨ ਲਈ ਕੀਤਾ ਗਿਆ ਹੈ ਅਤੇ ਇੱਥੋਂ ਦਾ ਸਾਰਾ ਪੈਸਾ ਦਿੱਲੀ ਜਾਣਾ ਸੀ। ਇਸੇ ਦੌਰਾਨ ਖਹਿਰਾ ਨੇ ਮਾਨ ਸਰਕਾਰ ਦੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਵਾਲੀ ਨੀਤੀ ਦੀ ਆਲੋਚਨਾ ਕੀਤੀ ਹੈ।

Add a Comment

Your email address will not be published. Required fields are marked *