ਸਿੱਧੂ ਮੂਸੇਵਾਲਾ ਨੂੰ ਲੈ ਕੇ ਸੰਸਦ ’ਚ ਬੋਲੇ ਗ੍ਰਹਿ ਮੰਤਰੀ ਅਮਿਤ ਸ਼ਾਹ

ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਸਦ ’ਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਜ਼ਿਕਰ ਕੀਤਾ। ਅਮਿਤ ਸ਼ਾਹ ਨੇ ਦੱਸਿਆ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਨੇ ਦੇਸ਼ ’ਚ ਵੱਖ-ਵੱਖ ਵਾਰਦਾਤਾਂ ਕਰਕੇ ਵਿਦੇਸ਼ ਭੱਜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਹੈ। 6 ਸੂਬਿਆਂ ਦੀ ਪੁਲਸ ਤੇ ਐੱਨ. ਆਈ. ਏ. ਨੇ ਹੁਣ ਤਕ 9 ਖ਼ਤਰਨਾਕ ਅੱਤਵਾਦੀਆਂ ਨੂੰ ਦੁਨੀਆ ਭਰ ’ਚੋਂ ਫੜ ਕੇ ਵਾਪਸ ਲਿਆਂਦਾ ਹੈ। ਸ਼ਾਹ ਨੇ ਕਿਹਾ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁਲਜ਼ਮ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਵੀ ਵਾਪਸ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ’ਚ ਭੱਜੇ ਮੁਲਜ਼ਮਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ।

ਤਹੱਵੁਰ ਰਾਣਾ ਦਾ ਕੇਸ ਵੀ ਅੰਤਿਮ ਸੁਣਵਾਈ ਤੱਕ ਪਹੁੰਚਿਆ ਹੈ, ਜੋ ਮੁੰਬਈ ਬੰਬ ਧਮਾਕਿਆਂ ਦਾ ਮੁਲਜ਼ਮ ਹੈ। ਉਸ ਨੂੰ ਵੀ ਭਾਰਤ ਲਿਆਉਣ ਦੀ ਕਾਰਵਾਈ ਚੱਲ ਰਹੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਵਿਦੇਸ਼ ’ਚ ਭਾਰਤੀ ਦੂਤਘਰਾਂ ਲੰਡਨ, ਓਟਾਵਾ, ਸਾਨ ਫ੍ਰਾਂਸਿਸਕੋ ’ਤੇ ਜੋ ਹਮਲੇ ਹੋਏ, ਉਨ੍ਹਾਂ ਤਿੰਨਾਂ ਮਾਮਲਿਆਂ ਨੂੰ ਅਸੀਂ ਐੱਨ. ਆਈ. ਏ. ਨੂੰ ਸੌਂਪ ਦਿੱਤਾ ਹੈ।

ਸ਼ਾਹ ਨੇ ਕਿਹਾ ਕਿ ਯੂ. ਏ. ਪੀ. ਏ. ਨੂੰ ਸਖ਼ਤ ਕਰਨ ਦਾ ਬਿੱਲ ਲੈ ਕੇ ਆਇਆ ਸੀ, ਇਥੇ ਤੇ ਉਸ ਸਦਨ ਵਿਚ ਦਿੱਗਵਿਜੇ ਸਿੰਘ ਨੇ ਕਿਹਾ ਸੀ ਕਿ ਇਸ ਦੀ ਦੁਰਵਰਤੋਂ ਹੋਵੇਗੀ। ਮੈਂ ਸਦਨ ਤੇ ਵਿਰੋਧੀ ਧਿਰ ਨੂੰ ਵੀ ਦੱਸਣਾ ਚਾਹੁੰਦਾ ਹਾਂ ਕਿ ਯੂ. ਏ. ਪੀ. ਏ. ਦੀ ਵਰਤੋਂ ਅੱਤਵਾਦੀ ਕਰਵਾਈਆਂ ਕਰਨ ਵਾਲੇ ਦੇ ਖਿਲਾਫ਼ ਹੁੰਦਾ ਹੈ, ਸਾਨੂੰ ਕਿਸੇ ਤਰ੍ਹਾਂ ਵੀ ਡਰਨ ਦੀ ਲੋੜ ਨਹੀਂ ਹੈ। ਸ਼ਾਹ ਨੇ ਕਿਹਾ ਕਿ ਮੈਂ ਉਸ ਸਮੇਂ ਵੀ ਕਹਿ ਸਕਦਾ ਸੀ ਕਿ ਤੁਹਾਨੂੰ ਕਿਉਂ ਡਰ ਲੱਗ ਰਿਹਾ ਹੈ ਪਰ ਜਿਨ੍ਹਾਂ ਦਾ ਅੱਤਵਾਦੀ ਕਾਰਵਾਈਆਂ ’ਚ ਹੱਥ ਨਹੀਂ ਹੈ, ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਹੈ। ਅਸੀਂ 54 ਵਿਅਕਤੀਆਂ ਨੂੰ ਯੂ. ਏ. ਪੀ. ਏ. ਤਹਿਤ ਅੱਤਵਾਦੀ ਐਲਾਨਿਆ ਹੈ ਤੇ ਇੰਟਰਨੈਸ਼ਨਲ ਮਾਨਤਾ ਲਿਆਏ ਹਾਂ ਪਰ ਇਕ ’ਤੇ ਵੀ ਵਿਵਾਦ ਪੈਦਾ ਨਹੀਂ ਹੋਇਆ।

ਜ਼ਿਕਰਯੋਗ ਹੈ ਕਿ ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਨੂੰ ਬੀਤੇ ਦਿਨੀਂ ਦਿੱਲੀ ਪੁਲਸ ਦੀ ਇਕ ਟੀਮ ਵੱਲੋਂ ਅਜ਼ਰਬੈਜਾਨ ਤੋਂ ਭਾਰਤ ਲਿਆਂਦਾ ਗਿਆ। ਸਚਿਨ ਬਿਸ਼ਨੋਈ ਭਾਰਤ ਵਿਚ ਰਹਿੰਦਿਆਂ ਕਈ ਅਪਰਾਧਿਕ ਘਟਨਾਵਾਂ ’ਚ ਸ਼ਾਮਲ ਹੈ। 

Add a Comment

Your email address will not be published. Required fields are marked *