ਭਾਜਪਾ ਅਤੇ ਸੰਘ ਜਮਹੂਰੀਅਤ ’ਤੇ ਕਰ ਰਹੇ ਨੇ ਹਮਲੇ: ਰਾਹੁਲ

ਭਾਲਕੀ , 17 ਅਪਰੈਲ-: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਹੁਕਮਰਾਨ ਭਾਜਪਾ ਅਤੇ ਆਰਐੱਸਐੱਸ ’ਤੇ ਦੋਸ਼ ਲਾਇਆ ਹੈ ਕਿ ਉਹ ਲੋਕਤੰਤਰ ’ਤੇ ਹਮਲੇ ਕਰ ਰਹੇ ਹਨ ਅਤੇ ਦੇਸ਼ ਅੰਦਰ ਨਫ਼ਰਤ ਤੇ ਹਿੰਸਾ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਨੂੰ ਘੱਟੋ ਤੱਟ 150 ਸੀਟਾਂ ’ਤੇ ਜਿੱਤ ਯਕੀਨੀ ਬਣਾਉਣ। ਰਾਹੁਲ ਨੇ ਕਿਹਾ,‘‘ਬਿਦਰ, ਬਾਸਵੰਨਾ (12ਵੀਂ ਸਦੀ ਦੇ ਸਮਾਜ ਸੁਧਾਰਕ) ਦੀ ਕਰਮਭੂਮੀ ਹੈ। ਜੇਕਰ ਕਿਸੇ ਨੇ ਸਭ ਤੋਂ ਪਹਿਲਾਂ ਜਮਹੂਰੀਅਤ ਦੀ ਗੱਲ ਕੀਤੀ ਅਤੇ ਲੋਕਤੰਤਰ ਦਾ ਰਾਹ ਦਿਖਾਇਆ, ਉਹ ਬਾਸਵੰਨਾ ਸਨ। ਇਹ ਦੁੱਖ ਦੀ ਗੱਲ ਹੈ ਕਿ ਦੇਸ਼ ’ਚ ਅੱਜ ਸੰਘ ਅਤੇ ਭਾਜਪਾ ਲੋਕਤੰਤਰ ’ਤੇ ਹਮਲੇ ਕਰ ਰਹੇ ਹਨ।’’ ਉਨ੍ਹਾਂ ਕਿਹਾ ਕਿ ਭਾਜਪਾ ਗਰੀਬਾਂ ਅਤੇ ਕਮਜ਼ੋਰ ਵਰਗ ਦੇ ਲੋਕਾਂ ਦਾ ਪੈਸਾ ਲੈ ਕੇ ਦੋ ਜਾਂ ਤਿੰਨ ਅਮੀਰ ਲੋਕਾਂ ਨੂੰ ਦੇ ਰਹੀ ਹੈ। ਕਰਨਾਟਕ ਦੀ ਸੱਤਾ ’ਚ ਆਉਣ ਦਾ ਭਰੋਸਾ ਜਤਾਉਂਦਿਆਂ ਰਾਹੁਲ ਨੇ ਕਿਹਾ ਕਿ ਸਰਕਾਰ ਬਣਨ ’ਤੇ ਪਹਿਲੀ ਕੈਬਨਿਟ ਮੀਟਿੰਗ ’ਚ ਚੋਣ ਵਾਅਦਿਆਂ ਨੂੰ ਪੂਰਾ ਕਰਨ ਦਾ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਝੂਠੇ ਵਾਅਦੇ ਨਹੀਂ ਕਰਦੀ ਹੈ ਅਤੇ ਸੱਤਾ ’ਚ ਆਉਣ ਸਾਰ ਹੀ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ‘ਸਾਡੀਆਂ ਚੋਣ ਗਾਰੰਟੀਆਂ ਅਡਾਨੀ ਵਰਗੇ ਦੋ ਜਾਂ ਤਿੰਨ ਅਮੀਰਾਂ ਲਈ ਨਹੀਂ ਸਗੋਂ ਕਰਨਾਟਕ ਦੇ ਗਰੀਬਾਂ, ਕਿਸਾਨਾਂ, ਛੋਟੇ ਕਾਰੋਬਾਰੀਆਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਨਗੀਆਂ।’ ਕਾਂਗਰਸ ਆਗੂ ਨੇ ਕਿਹਾ ਕਿ ਭਾਜਪਾ ਸਰਕਾਰ 40 ਫ਼ੀਸਦ ਕਮਿਸ਼ਨ ਲੈ ਰਹੀ ਹੈ ਅਤੇ ਉਸ ਨੂੰ ਇਸ ਵਾਰ ਸਿਰਫ਼ 40 ਸੀਟਾਂ ਹੀ ਦਿਉ।

Add a Comment

Your email address will not be published. Required fields are marked *