ਹਥਿਆਰ ਸਪਲਾਈ ਕਰਨ ਵਾਲਾ ਧਰਮਜੀਤ ਕਾਹਲੋਂ USA ‘ਚ ਗ੍ਰਿਫ਼ਤਾਰ

ਨਵੀਂ ਦਿੱਲੀ – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਗ੍ਰਿਫ਼ਤਾਰ ਗੈਂਗਸਟਰ ਧਰਮਜੀਤ ਸਿੰਘ ਕਾਹਲੋਂ ਨੂੰ ਅਮਰੀਕਾ ਤੋਂ ਜਲਦੀ ਹੀ ਭਾਰਤ ਲਿਆਂਦਾ ਜਾਵੇਗਾ ਪਰ ਅਜੇ ਤੱਕ ਇਸਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਸੂਤਰਾਂ ਮੁਤਾਬਕ ਧਰਮਜੋਤ ਸਿੰਘ ਕਾਹਲੋਂ ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਦਾ ਕਰੀਬੀ ਦੱਸਿਆ ਜਾਂਦਾ ਹੈ। ਕਾਹਲੋਂ ਲਾਰੈਂਸ ਅਤੇ ਬੰਬੀਹਾ ਗੈਂਗ ਨੂੰ ਹਥਿਆਰ ਸਪਲਾਈ ਕਰਦਾ ਸੀ। ਹੁਣ ਯੂ.ਐੱਸ. ਪੁਲਸ ਵੱਲੋਂ ਕਾਹਲੋਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਭਾਰਤ ਸਰਕਾਰ ਜਲਦੀ ਹੀ ਐੱਫ.ਬੀ.ਆਈ. ਨਾਲ ਸੰਪਰਕ ਕਰਕੇ ਉਕਤ ਦੋਸ਼ੀ ਨੂੰ ਭਾਰਤ ਲਿਆਏਗੀ ਤਾਂ ਜੋ ਮੂਸੇਵਾਲਾ ਮਾਮਲੇ ‘ਚ ਉਸ ਤੋਂ ਪੁੱਛਗਿੱਛ ਕੀਤੀ ਜਾ ਸਕੇ।

ਜ਼ਿਕਰਯੋਗ ਹੈ ਕਿ ਧਰਮਜੋਤ ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਜੋ ਕਾਫੀ ਸਮੇਂ ਤੋਂ ਅਮਰੀਕਾ ਵਿੱਚ ਲੁਕਿਆ ਹੋਇਆ ਸੀ। ਧਰਮਜੋਤ ਖਿਲਾਫ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਹੁਣ ਯੂ.ਐੱਸ. ਪੁਲਸ ਵੱਲੋਂ ਨੂੰ ਹਿਰਾਸਤ ਲਏ ਜਾਣ ਮਗਰੋਂ ਬਹੁਤ ਜਲਦ ਭਾਰਤ ਲਿਆਂਦਾ ਜਾਵੇਗਾ। ਕਾਹਲੋਂ ਪੰਜਾਬ ਪੁਲਸ ਅਤੇ ਐੱਨ.ਆਈ.ਏ. ਨੂੰ ਪਹਿਲਾਂ ਹੀ ਲੋੜੀਂਦਾ ਸੀ, ਜਿਸ ਨੂੰ ਅਮਰੀਕਾ ‘ਚ ਹਿਰਾਸਤ ‘ਚ ਲੈਣ ਤੋਂ ਬਾਅਦ ਮੂਸੇਵਾਲਾ ਕਤਲ ਕਾਂਡ ‘ਚ ਹੋਰ ਵੀ ਖੁਲਾਸੇ ਹੋ ਸਕਦੇ ਹਨ।

ਦੱਸ ਦੇਈਏ ਕਿ 29 ਮਈ 2022 ਨੂੰ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸ਼ੂਟਰਾਂ ਨੇ ਉਸ ਦੀ ਜੀਪ ਨੂੰ ਘੇਰ ਲਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਹ ਕਤਲੇਆਮ ਕਿੰਨਾ ਭਿਆਨਕ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੋਸਟਮਾਰਟਮ ਦੌਰਾਨ ਸਿੱਧੂ ਦੇ ਸਰੀਰ ‘ਤੇ ਗੋਲੀਆਂ ਦੇ 24 ਨਿਸ਼ਾਨ ਮਿਲੇ ਸਨ। ਯਾਨੀ ਕਿ ਕਾਤਲ ਮੂਸੇਵਾਲਾ ਨੂੰ ਕਿਸੇ ਵੀ ਕੀਮਤ ‘ਤੇ ਜਿਊਂਦਾ ਨਹੀਂ ਛੱਡਣਾ ਚਾਹੁੰਦੇ ਸਨ।

Add a Comment

Your email address will not be published. Required fields are marked *