ਅਹਿਮ ਖ਼ਬਰ : ਪੰਜਾਬ ਦੇ ਹਜ਼ਾਰਾਂ ਟਰੱਕ ਆਪਰੇਟਰ ਅੱਜ ਜਾਮ ਕਰਨਗੇ ‘ਸ਼ੰਭੂ ਬਾਰਡਰ’

ਚੰਡੀਗੜ੍ਹ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਟਰੱਕ ਆਪਰੇਟਰਾਂ ਨਾਲ ਗੱਲਬਾਤ ਲਈ ਬਣਾਈ ਮੰਤਰੀਆਂ ਦੀ 3 ਮੈਂਬਰੀ ਕਮੇਟੀ ਨਾਲ ਗੱਲਬਾਤ ਫੇਲ੍ਹ ਹੋਣ ਮਗਰੋਂ ਹੁਣ ਪੰਜਾਬ ਦੀਆਂ 4 ਯੂਨੀਅਨਾਂ ਵੱਲੋਂ ਬਣਾਏ ਸਾਂਝੇ ਮੋਰਚੇ ਵੱਲੋਂ 30 ਦਸੰਬਰ ਨੂੰ ਪੰਜਾਬ ਦੇ ਸ਼ੰਭੂ ਬਾਰਡਰ ’ਤੇ ਆਵਾਜਾਈ ਠੱਪ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ’ਚ ਪੰਜਾਬ ਭਰ ਤੋਂ ਹਜ਼ਾਰਾਂ ਟਰੱਕ ਆਪਰੇਟਰ ਸ਼ਮੂਲੀਅਤ ਕਰਨਗੇ। ਟਰਾਂਸਪੋਰਟ ਵਿੰਗ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਫਾਜ਼ਿਲਕਾ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਟਰੱਕ ਯੂਨੀਅਨ ਭੰਗ ਕਰਨ ਦਾ ਫ਼ੈਸਲਾ ਲਾਗੂ ਕਰਨ ਨਾਲ ਹਜ਼ਾਰਾਂ ਟਰੱਕ ਆਪਰੇਟਰ ਤਬਾਹੀ ਕੰਢੇ ਪਹੁੰਚ ਗਏ ਹਨ।

ਪਿਛਲੀ ਅਮਰਿੰਦਰ ਸਰਕਾਰ ਵੇਲੇ ਵੀ 55 ਹਜ਼ਾਰ ਟਰੱਕ ਕਬਾੜ ’ਚ ਵਿਕੇ ਸਨ। ਹੁਣ ਵੀ ਉਹੀ ਹਾਲਾਤ ਬਣ ਗਏ। ਉਨ੍ਹਾਂ ਦੱਸਿਆ ਕਿ ਸਾਂਝੇ ਮੋਰਚੇ ਵੱਲੋਂ ਸਤਲੁਜ ਦਰਿਆ ’ਤੇ ਟ੍ਰੈਫਿਕ ਜਾਮ ਕਰਨ ਮਗਰੋਂ ਭਗਵੰਤ ਮਾਨ ਸਰਕਾਰ ਨੇ ਮੰਤਰੀਆਂ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਸੀ, ਜਿਸ ਦੀ ਮੀਟਿੰਗ 23 ਦਸੰਬਰ ਨੂੰ ਸਾਂਝੇ ਮੋਰਚੇ ਦੇ ਆਗੂਆਂ ਨਾਲ ਪੰਜਾਬ ਭਵਨ ਦਿੱਲੀ ’ਚ ਹੋਈ ਸੀ, ਜਿਸ ’ਚ ਮੰਤਰੀਆਂ ਨੇ 2 ਦਿਨ ਦਾ ਸਮਾਂ ਮੰਗਿਆ ਸੀ ਪਰ ਇਕ ਹਫ਼ਤਾ ਬੀਤਣ ’ਤੇ ਵੀ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਮਿਲਿਆ।

ਉਨ੍ਹਾਂ ਦੱਸਿਆ ਕਿ ਅਸੀਂ 30 ਦਸੰਬਰ ਨੂੰ ਸ਼ੰਭੂ ਬਾਰਡਰ ’ਤੇ ਆਵਾਜਾਈ ਠੱਪ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ, ਜਿਸ ’ਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ’ਚ ਟਰੱਕ ਆਪਰੇਟਰਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਪੰਜਾਬ ਦੀਆਂ 4 ਯੂਨੀਅਨਾਂ ਪੰਜਾਬ ਟਰੱਕ ਏਕਤਾ, ਆਲ ਪੰਜਾਬ ਟਰੱਕ ਏਕਤਾ, ਆਲ ਪੰਜਾਬ ਟਰੱਕ ਯੂਨੀਅਨ ਅਤੇ ਟਰਾਂਸਪੋਰਟ ਵਿੰਗ ਸ਼੍ਰੋਮਣੀ ਅਕਾਲੀ ਦਲ ਨੇ ਰਲ ਕੇ ਇਹ ਸਾਂਝਾ ਮੋਰਚਾ ਬਣਾਇਆ ਹੈ, ਜਿਸ ਦਾ ਮਕਸਦ ਪੰਜਾਬ ’ਚ ਟਰੱਕ ਯੂਨੀਅਨਾਂ ਬਹਾਲ ਕਰਵਾਉਣਾ ਹੈ।

Add a Comment

Your email address will not be published. Required fields are marked *