ਆਕਲੈਂਡ ਪੁਲਿਸ ਨੂੰ ਚਕਮਾ ਦੇ ਭੱਜਣ ਵਾਲੇ ਗ੍ਰਿਫ਼ਤਾਰ

ਆਕਲੈਂਡ- ਨਿਊਜ਼ੀਲੈਂਡ ‘ਚ ਲੁਟੇਰਿਆਂ ਦੇ ਹੌਂਸਲੇ ਦਿਨੋਂ ਦਿਨ ਬੁਲੰਦ ਹੁੰਦੇ ਜਾ ਰਹੇ ਨੇ ਜਿੱਥੇ ਪਹਿਲਾ ਰਾਤਾਂ ਨੂੰ ਵਾਰਦਾਤਾਂ ਸਾਹਮਣੇ ਆਉਂਦੀਆਂ ਸੀ ਹੁਣ ਦਿਨ ਦਿਹਾੜੇ ਲੁੱਟਾਂ ਖੋਹਾਂ ਨੂੰ ਵੀ ਅੰਜਾਮ ਦਿੱਤਾ ਜਾਣ ਲੱਗਾ ਹੈ। ਇੰਨਾਂ ਹੀ ਨਹੀਂ ਅਪਰਾਧੀ ਹੁਣ ਪੁਲਿਸ ਦੀ ਮੌਜੂਦਗੀ ਵਾਲੇ ਇਲਾਕਿਆਂ ‘ਚ ਵੀ ਵਾਰਦਾਤ ਕਰ ਰਫੂ ਚੱਕਰ ਹੋ ਜਾਂਦੇ ਨੇ। ਆਕਲੈਂਡ ਪੁਲਿਸ ਨੇ ਬੁੱਧਵਾਰ ਰਾਤ ਨੂੰ ਪੂਰੇ ਸ਼ਹਿਰ ਵਿੱਚ ਇੱਕ ਕਾਰ ਦਾ ਪਿੱਛਾ ਕਰਨ ਤੋਂ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਰਾਤ 8.20 ਵਜੇ ਦੇ ਆਸ-ਪਾਸ ਆਕਲੈਂਡ ਦੇ ਦੱਖਣੀ ਮੋਟਰਵੇਅ ‘ਤੇ ਤੇਜ਼ ਰਫ਼ਤਾਰ ਨਾਲ ਆ ਰਹੇ ਇੱਕ ਵਾਹਨ ਨੂੰ ਅਫ਼ਸਰਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਸੀ। ਪਰ ਵਾਹਨ ‘ਚ ਮੌਜੂਦ ਵਿਅਕਤੀਆਂ ਨੇ ਵਾਹਨ ਨਹੀਂ ਰੋਕਿਆ, ਇਸ ਮਗਰੋਂ ਪੁਲਿਸ ਨੇ ਵੈਸਟ ਆਕਲੈਂਡ ਦੇ ਹੈਂਡਰਸਨ ਤੱਕ ਵਾਹਨ ਦਾ ਪਤਾ ਲਗਾਇਆ। ਇੱਥੋਂ ਇਹ ਵਿਅਕਤੀ ਪੈਦਲ ਭੱਜੇ ਸਨ।

ਇਸ ਮਗਰੋਂ ਪੁਲਿਸ ਕੁੱਤਿਆਂ ਦੀ ਮਦਦ ਨਾਲ ਇੰਨਾਂ 30 ਅਤੇ 59 ਸਾਲ ਦੀ ਉਮਰ ਦੇ ਵਿਅਕਤੀਆਂ ਨੂੰ ਇੱਕ ਰਿਹਾਇਸ਼ੀ ਜਾਇਦਾਦ ਵਿੱਚੋਂ ਹਿਰਾਸਤ ਵਿੱਚ ਲਿਆ ਗਿਆ ਸੀ। ਇਸ ਦੌਰਾਨ ਪੁਲਿਸ ਨੇ ਇੱਕ ਲੋਡਡ ਸ਼ਾਟਗਨ, ਗੋਲਾ ਬਾਰੂਦ ਅਤੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਹਨ। ਜੋੜੇ ਨੂੰ ਕਈ ਹਥਿਆਰਾਂ ਦੇ ਦੋਸ਼ਾਂ, ਚੋਰੀ, ਡਰਾਈਵਿੰਗ ਅਤੇ ਜ਼ਮਾਨਤ ਦੀ ਉਲੰਘਣਾ ਦੇ ਜੁਰਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਤੇ ਅੱਜ ਵੈਤਾਕੇਰੇ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।

Add a Comment

Your email address will not be published. Required fields are marked *