US ‘ਚ ਯੂਨੀਵਰਸਿਟੀ ਕੈਂਪਸ ਨੇੜਿਓਂ ਮ੍ਰਿਤਕ ਮਿਲੇ ਭਾਰਤੀ ਵਿਦਿਆਰਥੀ ਦਾ ਹੋਇਆ ਪੋਸਟਮਾਰਟਮ

ਵਾਸ਼ਿੰਗਟਨ – ਅਮਰੀਕਾ ਵਿਚ ਪਰਡਿਊ ਯੂਨੀਵਰਸਿਟੀ ਕੈਂਪਸ ਨੇੜਿਓਂ ਮਿਲੀ ਭਾਰਤੀ ਮੂਲ ਦੇ ਵਿਦਿਆਰਥੀ ਨੀਲ ਅਚਾਰੀਆ ਦੀ ਲਾਸ਼ ‘ਤੇ ਫੋਰੈਂਸਿਕ ਮਾਹਿਰਾਂ ਨੂੰ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ ਅਤੇ ਨਾ ਹੀ ਇਸ ਮਾਮਲੇ ਵਿਚ ਕਿਸੇ ਅਣਸੁਖਾਵੀਂ ਘਟਨਾ ਦਾ ਸ਼ੱਕ ਹੈ। ਕੋਰੋਨਰ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਅਚਾਰੀਆ ਦੀ ਲਾਸ਼ ਐਤਵਾਰ ਨੂੰ ਯੂਨੀਵਰਸਿਟੀ ਕੈਂਪਸ ਨੇੜਿਓਂ ਮਿਲੀ ਸੀ ਅਤੇ ਪੁਲਸ ਨੂੰ ਸਾਰੀ ਘਟਨਾ ਦੀ ਜਾਂਚ ਲਈ ਸੂਚਿਤ ਕੀਤਾ ਗਿਆ ਸੀ। ਦਿ ਲਾਫੇਏਟ ਜਰਨਲ ਐਂਡ ਕੋਰੀਅਰ ਅਖ਼ਬਾਰ ਨੇ ਦੱਸਿਆ ਕਿ ਸੋਮਵਾਰ ਦੇ ਪੋਸਟਮਾਰਟਮ ਤੋਂ ਬਾਅਦ ਵੀ ਅਚਾਰੀਆ ਦੀ ਮੌਤ ਇੱਕ ਰਹੱਸ ਬਣੀ ਹੋਈ ਹੈ।

ਟਿਪੇਕੇਨੋਈ ਕਾਉਂਟੀ ਕੋਰੋਨਰ ਕੈਰੀ ਕੋਸਟੇਲੋ ਨੇ ਕਿਹਾ ਕਿ ਫੋਰੈਂਸਿਕ ਮਾਹਿਰਾਂ ਨੂੰ ਅਚਾਰੀਆ ਦੀ ਲਾਸ਼ ‘ਤੇ ਸੱਟ ਦੇ ਕੋਈ ਨਿਸ਼ਾਨ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਮੌਤ ਦੇ ਪਿੱਛੇ ਕਿਸੇ ਅਣਸੁਖਾਵੀਂ ਘਟਨਾ ਦਾ ਕੋਈ ਸ਼ੱਕ ਨਹੀਂ ਹੈ। ਮੌਤ ਦੇ ਮੁੱਢਲੇ ਕਾਰਨਾਂ ਦਾ ਪਤਾ ਟੌਸੀਕੋਲੋਜੀ ਟੈਸਟਾਂ ਦੇ ਨਤੀਜਿਆਂ ਤੋਂ ਪਤਾ ਲੱਗੇਗਾ, ਜਿਸ ਦੀ ਰਿਪੋਰਟ ਆਉਣ ਵਿੱਚ 6 ਹਫ਼ਤੇ ਲੱਗਣਗੇ। ਕੋਸਟੇਲੋ ਨੇ ਮੰਗਲਵਾਰ ਦੁਪਹਿਰ 1 ਵਜੇ ਅਚਾਰੀਆ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕੀਤੀ, ਜੋ ਭਾਰਤ ਤੋਂ ਆਏ ਸਨ। ਉਨ੍ਹਾਂ ਦੱਸਿਆ ਕਿ 19 ਸਾਲਾ ਅਚਾਰੀਆ ਅਮਰੀਕੀ ਨਾਗਰਿਕ ਸੀ। ਆਚਾਰੀਆ ਦੀ ਮੌਤ ਦੀ ਖ਼ਬਰ ਪਰਡਿਊ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਸੋਮਵਾਰ ਸ਼ਾਮ ਨੂੰ ਜਨਤਕ ਕੀਤੀ। 

ਨੀਲ ਦੀ ਮੌਤ ਦੀ ਪੁਸ਼ਟੀ ਕਰਨ ਤੋਂ ਪਹਿਲਾਂ ਉਸ ਦੀ ਮਾਂ ਗੌਰੀ ਆਚਾਰੀਆ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ ਸੀ, ”ਸਾਡਾ ਪੁੱਤਰ ਨੀਲ ਆਚਾਰੀਆ 28 ਜਨਵਰੀ ਤੋਂ ਲਾਪਤਾ ਹੈ। ਉਹ ਅਮਰੀਕਾ ਵਿੱਚ ਪਰਡਿਊ ਯੂਨੀਵਰਸਿਟੀ ਵਿੱਚ ਪੜ੍ਹਦਾ ਹੈ। ਆਖ਼ਰੀ ਵਾਰ ਉਸ ਨੂੰ ਉਬੇਰ ਡਰਾਈਵਰ ਨੇ ਦੇਖਿਆ ਸੀ। ਉਸਨੇ ਉਸਨੂੰ ਪਰਡਿਊ ਯੂਨੀਵਰਸਿਟੀ ਵਿੱਚ ਛੱਡਿਆ ਸੀ। ਜੇਕਰ ਤੁਹਾਨੂੰ ਕੁਝ ਪਤਾ ਹੈ, ਤਾਂ ਕਿਰਪਾ ਕਰਕੇ ਸਾਡੀ ਮਦਦ ਕਰੋ।” ਸ਼ਿਕਾਗੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਇਸ ਪੋਸਟ ਦੇ ਜਵਾਬ ਵਿੱਚ ਕਿਹਾ ਸੀ, ”ਕੌਂਸਲੇਟ ਪਰਡਿਊ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਨੀਲ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ। ਕੌਂਸਲੇਟ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗਾ।” ਅਚਾਰੀਆ ਕੰਪਿਊਟਰ ਸਾਇੰਸ ਅਤੇ ਡਾਟਾ ਸਾਇੰਸ ਵਿਸ਼ਿਆਂ ਦੀ ਪੜ੍ਹਾਈ ਕਰ ਰਿਹਾ ਸੀ। ਉਹ ਜੌਨ ਮਾਰਟਿਨਸਨ ਆਨਰਜ਼ ਕਾਲਜ ਦਾ ਵਿਦਿਆਰਥੀ ਸੀ ਅਤੇ ਪਰਡਿਊ ਯੂਨੀਵਰਸਿਟੀ ਵਿੱਚ ਇੱਕ ਗ੍ਰੈਜੂਏਟ ਖੋਜ ਸਹਾਇਕ ਵਜੋਂ ਕੰਮ ਕਰਦਾ ਸੀ।

Add a Comment

Your email address will not be published. Required fields are marked *