ਰਾਹੁਲ ਗਾਂਧੀ ਫਿਰ ਕੱਢਣਗੇ ‘ਭਾਰਤ ਜੋੜੋ ਯਾਤਰਾ’, ਇਸ ਵਾਰ ਗੁਜਰਾਤ ਤੋਂ ਹੋਵੇਗੀ ਸ਼ੁਰੂ

ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਗੁਜਰਾਤ ਤੋਂ ਮੇਘਾਲਿਆ ਤੱਕ ਪੈਦਲ ਯਾਤਰਾ ਕਰਨਗੇ ਅਤੇ ਇਸ ਦੌਰਾਨ ਪਾਰਟੀ ਦੀ ਮਹਾਰਾਸ਼ਟਰ ਇਕਾਈ ਦੇ ਨੇਤਾ ਅਤੇ ਵਰਕਰ ਸੂਬੇ ’ਚ ਪੈਦਲ ਯਾਤਰਾ ਕਰਨਗੇ। ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ (MPCC) ਦੇ ਪ੍ਰਧਾਨ ਨਾਨਾ ਪਟੋਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਪਟੋਲੇ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਲੋਕਾਂ ਨਾਲ ਗੱਲਬਾਤ ਕਰਨ ਅਤੇ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਅਤੇ ਮਹਾਰਾਸ਼ਟਰ ਵਿਚ ਏਕਨਾਥ ਸ਼ਿੰਦੇ ਦੀ ਸਰਕਾਰ ਦਾ ਪਰਦਾਫਾਸ਼ ਕਰਨ ਲਈ ਅਗਲੇ ਮਹੀਨੇ ਇਕ ਬੱਸ ਯਾਤਰਾ ਵੀ ਕਰੇਗੀ। ਭਾਜਪਾ ਮਹਾਰਾਸ਼ਟਰ ਵਿਚ ਸ਼ਿੰਦੇ ਸਰਕਾਰ ਦਾ ਹਿੱਸਾ ਹੈ। ਪਟੋਲੇ ਨੇ ਕਿਹਾ ਕਿ ਗਾਂਧੀ ਜਦੋਂ ਅਗਸਤ ਦੇ ਅੰਤ ਵਿਚ ਵਿਰੋਧੀ ਗੱਠਜੋੜ ‘ਇੰਡੀਆ’ ਦੀ ਤੀਜੀ ਮੀਟਿੰਗ ਲਈ ਮੁੰਬਈ ਪਹੁੰਚਣਗੇ ਤਾਂ ਪਾਰਟੀ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਸੁਪਰੀਮ ਕੋਰਟ ਵੱਲੋਂ ਹਾਲ ਹੀ ’ਚ ਮਾਣਹਾਨੀ ਮਾਮਲੇ ਵਿਚ ਹਾਲ ਹੀ ਵਿਚ ਉਨ੍ਹਾਂ ਦੀ ਸਜ਼ਾ ’ਤੇ ਰੋਕ ਲਗਾਉਣ ਤੋਂ ਬਾਅਦ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਕਰ ਹੋਈ ਹੈ।

ਪਟੋਲੇ ਨੇ ਇਥੇ ਪੱਤਰਕਾਰਾਂ ਨੂੰ ਕਿਹਾ, “ਜਦੋਂ ਰਾਹੁਲ ਗਾਂਧੀ ਗੁਜਰਾਤ ਤੋਂ ਮੇਘਾਲਿਆ ਤੱਕ ਆਪਣੀ ਪੈਦਲ ਯਾਤਰਾ ਸ਼ੁਰੂ ਕਰਨਗੇ ਤਾਂ ਅਸੀਂ (ਮਹਾਰਾਸ਼ਟਰ ’ਚ) ਵੀ ਇਕ ਪੈਦਲ ਯਾਤਰਾ ਸ਼ੁਰੂ ਕਰਾਂਗੇ। ਪ੍ਰੋਗਰਾਮ (ਸੂਬੇ ਵਿਚ ਮਾਰਚ ਕੱਢਣ ਦਾ) ਸਾਨੂੰ ਆਲ ਇੰਡੀਆ ਕਾਂਗਰਸ ਕਮੇਟੀ (ਏ. ਆਈ. ਸੀ. ਸੀ.) ਵੱਲੋਂ ਦਿੱਤਾ ਗਿਆ ਹੈ।’’ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨੇ ਗਾਂਧੀ ਦੀ ਅਗਲੀ ਪੈਦਲ ਯਾਤਰਾ ਦੀਆਂ ਤਾਰੀਖ਼ਾਂ ਨਹੀਂ ਦੱਸੀਆਂ ਅਤੇ ਕਿਹਾ ਕਿ ਇਸ ਦਾ ਪ੍ਰੋਗਰਾਮ ਬਾਅਦ ਵਿਚ ਐਲਾਨਿਆ ਜਾਵੇਗਾ। ਸਾਬਕਾ ਕਾਂਗਰਸ ਪ੍ਰਧਾਨ ਨੇ ਪਿਛਲੇ ਸਾਲ ਸਤੰਬਰ ਵਿਚ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕੀਤੀ ਸੀ ਅਤੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਤਕਰੀਬਨ 4,000 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਇਹ ਯਾਤਰਾ ਜਨਵਰੀ ਦੇ ਅੰਤ ’ਚ ਸਮਾਪਤ ਹੋਈ ਸੀ।

Add a Comment

Your email address will not be published. Required fields are marked *