ਗਲਵਾਨ ‘ਚ ਸ਼ਹੀਦ ਹੋਏ ਪੁੱਤ ਦਾ ਪਿਤਾ ਨੇ ਬਣਾਇਆ ਸਮਾਰਕ, ਪੁਲਸ ਨੇ ਕੀਤੀ ਕੁੱਟਮਾਰ
![](http://mehakewattan.com/wp-content/uploads/2023/03/2023_3image_10_31_258851868galwan-ll.jpg)
ਪਟਨਾ- ਪੁੱਤਰ ਚੀਨੀ ਫ਼ੌਜੀਆਂ ਨਾਲ ਲੋਹਾ ਲੈਂਦੇ ਹੋਏ 2020 ‘ਚ ਗਲਵਾਨ ਘਾਟੀ ਵਿਚ ਸ਼ਹੀਦ ਹੋ ਗਿਆ। ਪਿਤਾ ਨੇ ਘਰ ਦੇ ਸਾਹਮਣੇ ਸਥਿਤ ਸਰਕਾਰੀ ਜ਼ਮੀਨ ’ਤੇ ਉਸ ਦੀ ਯਾਦਗਾਰ ਬਣਾ ਦਿੱਤੀ। ਯਾਦਗਾਰ ਬਣਾਉਣ ਦਾ ਵਿਰੋਧ ਕਰਦੇ ਹੋਏ ਕੁਝ ਲੋਕਾਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਅਤੇ ਪੁਲਸ ਨੇ ਸ਼ਹੀਦ ਦੇ ਪਿਤਾ ਨੂੰ ਨਾ ਸਿਰਫ ਬੁਰੀ ਤਰ੍ਹਾਂ ਕੁੱਟਿਆ ਸਗੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ।
ਇਹ ਦੋਸ਼ ਬਿਹਾਰ ਦੇ ਵੈਸ਼ਾਲੀ ਦੀ ਪੁਲਸ ’ਤੇ ਲੱਗੇ ਹਨ, ਜਿਸ ਤੋਂ ਬਾਅਦ ਪਿੰਡ ਦੇ ਲੋਕ ਪੁਲਸ ਦੇ ਇਸ ਐਕਸ਼ਨ ਨੂੰ ਲੈ ਕੇ ਬੁਰੀ ਤਰ੍ਹਾਂ ਨਾਰਾਜ਼ ਹਨ। ਮਾਮਲਾ ਜ਼ਿਲ੍ਹੇ ਦੇ ਜੰਦਾਹਾ ਥਾਣੇ ਦੇ ਕਜਰੀ ਬਜ਼ੁਰਗ ਪਿੰਡ ਦਾ ਹੈ। ਇੱਥੇ ਰਹਿਣ ਵਾਲੇ ਰਾਜ ਕਪੂਰ ਸਿੰਘ ਦਾ ਪੁੱਤਰ ਜੈ ਕਿਸ਼ੋਰ ਗਲਵਾਨ ਘਾਟੀ ‘ਚ ਚੀਨੀ ਫ਼ੌਜੀਆਂ ਦੇ ਨਾਲ ਹੋਈ ਫ਼ੌਜ ਦੀ ਝੜਪ ‘ਚ ਸ਼ਹੀਦ ਹੋ ਗਿਆ ਸੀ। ਜੈ ਕਿਸ਼ੋਰ ਦੇ ਸ਼ਹੀਦ ਹੋਣ ਮਗਰੋਂ ਉਨ੍ਹਾਂ ਦੇ ਪਿਤਾ ਨੇ ਸਰਕਾਰੀ ਜ਼ਮੀਨ ‘ਤੇ ਘਰ ਦੇ ਸਾਹਮਣੇ ਹੀ ਪੁੱਤ ਦਾ ਸਮਾਰਕ ਬਣਵਾ ਦਿੱਤਾ।
ਸ਼ਹੀਦ ਜੈ ਕਿਸ਼ੋਰ ਦੇ ਭਰਾ ਨੰਦ ਕਿਸ਼ੋਰ ਸਿੰਘ ਨੇ ਦੱਸਿਆ ਕਿ ਜਦੋਂ ਯਾਦਗਾਰ ਬਣ ਕੇ ਤਿਆਰ ਹੋਈ ਸੀ ਤਾਂ ਸਥਾਨਕ ਅਧਿਕਾਰੀਆਂ ਨੇ ਉਸ ਦਾ ਉਦਘਾਟਨ ਕੀਤਾ ਸੀ, ਫਿਰ ਹੁਣ ਪੁਲਸ ਐਕਸ਼ਨ ਕਿਉਂ ਲੈ ਰਹੀ ਹੈ। ਪੁਲਸ ਨੇ ਸਾਨੂੰ ਕਿਹਾ ਕਿ 15 ਦਿਨ ਦੇ ਅੰਦਰ ਸਮਾਰਕ ਹਟਾ ਲਓ। ਇਸ ਤੋਂ ਬਾਅਦ ਪੁਲਸ ਘਰ ਆਈ ਅਤੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਪਿਤਾ ਨੂੰ ਕੁੱਟਦੇ ਹੋਏ ਆਪਣੇ ਨਾਲ ਲੈ ਗਈ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)