ਲੋਨ ਕੰਪਨੀ ECL ਫਾਈਨਾਂਸ ਅਤੇ ਐਡਲਵਾਈਜ਼ ਦੇ 5 ਲੋਕਾਂ ’ਤੇ ਮਾਮਲਾ ਦਰਜ

ਮੁੰਬਈ – ਆਰਟ ਡਾਇਰੈਕਟਰ ਨਿਤਿਨ ਦੇਸਾਈ ਨੇ 252 ਕਰੋੜ ਦੇ ਕਰਜ਼ੇ ਕਾਰਨ ਆਪਣੀ ਜ਼ਿੰਦਗੀ ਨੂੰ ਖਤਮ ਕਰ ਦਿੱਤਾ ਪਰ ਉਨ੍ਹਾਂ ਦੀ ਖੁਦਕੁਸ਼ੀ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਉਨ੍ਹਾਂ ਦੀ ਪਤਨੀ ਨੇਹਾ ਨੇ ਲੋਨ ਕੰਪਨੀ ਈ. ਸੀ. ਐੱਲ. ਫਾਈਨਾਂਸ ਅਤੇ ਐਡਲਵਾਈਜ਼ ਸਮੇਤ 5 ਲੋਕਾਂ ’ਤੇ ਐੱਫ. ਆਈ. ਆਰ. ਦਰਜ ਕਰਵਾਈ ਹੈ। ਇਨ੍ਹਾਂ ’ਤੇ ਨਿਤਿਨ ਦੇਸਾਈ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਹੈ। ਐੱਫ. ਆਈ. ਆਰ. ਵਿਚ ਐਡਲਵਾਈਜ਼ ਏ. ਆਰ. ਸੀ. ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਆਰ. ਕੇ. ਬੰਸਲ, ਗੈਰ-ਕਾਰਜਕਾਰੀ ਡਾਇਰੈਕਟਰ ਰਸੇਸ਼ ਸ਼ਾਹ, ਸਮਿਤ ਸ਼ਾਹ, ਕੇਯੂਰ ਮਹਿਤਾ ਅਤੇ ਜਤਿੰਦਰ ਕੋਠਾਰੀ ਦੇ ਨਾਂ ਸ਼ਾਮਲ ਹਨ।

ਨਿਤਿਨ ਦੇਸਾਈ ਦੀ ਪਤਨੀ ਨੇਹਾ ਦੇਸਾਈ ਮੁਤਾਬਕ, 2 ਅਗਸਤ ਨੂੰ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਰਟ ਡਾਇਰੈਕਟਰ ਦੇਸਾਈ ਨੇ ਇਕ ਵਕੀਲ ਵ੍ਰਿੰਦਾ ਨੂੰ ਕੁੱਝ ਵੁਆਇਸ ਕਲਿੱਪ ਭੇਜਣ ਲਈ ਆਪਣੇ ਵੁਆਇਸ ਰਿਕਾਰਡਰ ਦਾ ਇਸਤੇਮਾਲ ਕੀਤਾ ਸੀ। ਐੱਫ. ਆਈ. ਆਰ. ਮੁਤਾਬਕ ਵੁਆਇਸ ਕਲਿੱਪ ’ਚ ਨਿਤਿਨ ਕਹਿੰਦੇ ਹਨ ਕਿ ਰਸੇਸ਼ ਸ਼ਾਹ ਨੇ ਉਸ ਸਟੂਡੀਓ ’ਤੇ ਕਬਜ਼ਾ ਕਰ ਲਿਆ, ਜਿਸ ਨੂੰ ਮੈਂ ਸਖ਼ਤ ਮਿਹਨਤ ਨਾਲ ਬਣਾਇਆ ਸੀ। ਮੈਂ ਉਸ ਨੂੰ 100 ਤੋਂ ਵੱਧ ਵਾਰ ਫੋਨ ਕੀਤਾ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਲੋਕਾਂ ਨੇ ਮੈਨੂੰ ਪ੍ਰੇਸ਼ਾਨ ਕੀਤਾ। ਮੇਰੇ ਕੋਲ ਦੋ-ਤਿੰਨ ਨਿਵੇਸ਼ਕ ਸਨ, ਜੋ ਨਿਵੇਸ਼ ਕਰਨ ਲਈ ਤਿਆਰ ਸਨ ਪਰ ਉਨ੍ਹਾਂ ਨੇ ਮੇਰੇ ’ਤੇ ਦੁੱਗਣਾ ਕਰਜ਼ਾ ਚੜ੍ਹਾਇਆ ਅਤੇ ਮੇਰੇ ’ਤੇ ਦਬਾਅ ਪਾਇਆ। ਉੱਥੇ ਹੀ ਆਪਣੇ ਨਿੱਜੀ ਮੁਨਾਫੇ ਲਈ ਵੀ ਉਹ ਵੱਖ-ਵੱਖ ਤਰੀਕਿਆਂ ਨਾਲ ਮੇਰੇ ’ਤੇ ਦਬਾਅ ਪਾ ਰਹੇ ਹਨ।

ਕਲਿੱਪ ਵਿਚ ਦੇਸਾਈ ਕਹਿ ਰਹੇ ਸਨ ਕਿ ਸਮਿਤ ਸ਼ਾਹ, ਕੇਯੂਰ ਮਹਿਤਾ, ਆਰ. ਕੇ. ਬੰਸਲ ਨੇ ਮੇਰੇ ਸਟੂਡੀਓ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਹੈ। ਉਹ ਮੈਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਲੋਕਾਂ ਨੇ ਮੈਨੂੰ ਬਰਬਾਰ ਕਰ ਦਿੱਤਾ ਹੈ। ਉਨ੍ਹਾਂ ਨੇ ਮੈਨੂੰ ਪੈਸਿਆਂ ਲਈ ਧਮਕਾਇਆ ਅਤੇ ਮੈਨੂੰ ਮੇਰਾ ਆਫਿਸ ਵੇਚਣ ਲਈ ਕਿਹਾ। ਉਨ੍ਹਾਂ ਨੇ ਸਾਜਿਸ਼ ਰਚੀ, ਮੈਨੂੰ ਫਸਾਇਆ ਅਤੇ ਮੈਨੂੰ ਬਰਬਾਰ ਕਰ ਦਿੱਤਾ। ਹੁਣ ਉਹ ਲੋਕ ਮੈਨੂੰ ਉਹ ਕੰਮ ਕਰਨ ਲਈ ਮਜਬੂਰ ਕਰ ਰਹੇ ਹਨ, ਜਿਸ ਬਾਰੇ ਮੈਂ ਕਦੀ ਨਹੀਂ ਸੋਚਿਆ ਸੀ।

ਹੁਣ ਇਸ ਮਾਮਲੇ ’ਤੇ ਕੰਪਨੀ ਦਾ ਬਿਆਨ ਆਇਆ ਹੈ। ਉਨ੍ਹਾਂ ਨੇ ਆਪਣਾ ਸਟੇਟਮੈਂਟ ਜਾਰੀ ਕਰ ਕੇ ਕਿਹਾ ਕਿ ਉਨਾਂ ਨੇ ਆਰਟ ਡਾਇਰੈਕਟਰ ’ਤੇ ਕੋਈ ਦਬਾਅ ਨਹੀਂ ਬਣਾਇਆ ਸੀ ਅਤੇ ਨਾ ਹੀ ਉਨ੍ਹਾਂ ਨੇ ਵਿਆਜ ਜ਼ਿਆਦਾ ਲਿਆ ਹੈ। ਕੰਪਨੀ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਸਾਰੀ ਜ਼ਰੂਰੀ ਕਾਨੂੰਨੀ ਪ੍ਰਕਿਰਿਆ ਨੂੰ ਫਾਲੋ ਕੀਤਾ ਹੈ।

ਨਿਤਿਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1989 ‘ਚ ਫ਼ਿਲਮ ‘ਪਰਿੰਦਾ’ ਨਾਲ ਇੱਕ ਕਲਾ ਨਿਰਦੇਸ਼ਕ ਵਜੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰਹਿੱਟ ਫ਼ਿਲਮਾਂ ਦੇ ਸੈੱਟ ਤਿਆਰ ਕੀਤੇ ਸਨ। ਉਸ ਦੁਆਰਾ ਡਿਜ਼ਾਈਨ ਕੀਤੀਆਂ ਮਸ਼ਹੂਰ ਫ਼ਿਲਮਾਂ ਦੇ ਸੈੱਟਾਂ ‘ਚ ‘ਪਿਆਰ ਤੋ ਹੋਣਾ ਹੀ ਥਾ’, ‘ਹਮ ਦਿਲ ਦੇ ਚੁਕੇ ਸਨਮ’, ‘ਮਿਸ਼ਨ ਕਸ਼ਮੀਰ’, ‘ਰਾਜੂ ਚਾਚਾ’, ‘ਦੇਵਦਾਸ’, ‘ਲਗਾਨ’, ‘ਬਾਜੀਰਾਓ ਮਸਤਾਨੀ’ ਅਤੇ ‘ਜੋਧਾ ਅਕਬਰ’ ਸ਼ਾਮਲ ਹਨ।

Add a Comment

Your email address will not be published. Required fields are marked *