ਲੰਪੀ ਸਕਿਨ: ਪੰਜਾਬ ’ਚ 200 ਕਰੋੜ ਦੇ ਪਸ਼ੂ ਧਨ ਦਾ ਨੁਕਸਾਨ

ਚੰਡੀਗੜ੍ਹ, 9 ਸਤੰਬਰ– ਪੰਜਾਬ ਵਿੱਚ ਪਸ਼ੂਆਂ ’ਚ ਫੈਲੇ ਲੰਪੀ ਸਕਿਨ ਰੋਗ ਕਾਰਨ ਹੁਣ ਤੱਕ ਕਰੀਬ 200 ਕਰੋੜ ਦੇ ਪਸ਼ੂ ਧਨ ਦਾ ਨੁਕਸਾਨ ਹੋ ਚੁੱਕਿਆ ਹੈ। ਗਰੀਬ ਪਸ਼ੂ ਪਾਲਕਾਂ ਲਈ ਅਜਿਹੀ ਵਿੱਤੀ ਸੱਟ ਝੱਲ ਸਕਣਾ ਬਹੁਤ ਔਖਾ ਕੰਮ ਹੈ। ਪਸ਼ੂ ਪਾਲਕ ਨੁਕਸਾਨੇ ਪਸ਼ੂਆਂ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ, ਪਰ ਹਾਲੇ ਤੱਕ ਸਰਕਾਰ ਨੇ ਪਸ਼ੂ ਪਾਲਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਕੋਈ ਕਦਮ ਨਹੀਂ ਚੁੱਕੇ ਹਨ। ਇੱਕ ਗ਼ੈਰ ਸਰਕਾਰੀ ਅੰਕੜੇ ਮੁਤਾਬਕ ਪੰਜਾਬ ’ਚ ਕਰੀਬ 500 ਕਰੋੜ ਦੇ ਪਸ਼ੂ ਧਨ ਦਾ ਨੁਕਸਾਨ ਹੋਇਆ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿੱਚ ਕੁਲ ਕਰੀਬ 25.31 ਲੱਖ ਗਾਵਾਂ ਤੇ 40.15 ਲੱਖ ਮੱਝਾਂ ਹਨ। ਸਰਕਾਰੀ ਤੱਥਾਂ ਅਨੁਸਾਰ ਪੰਜਾਬ ਵਿੱਚ ਹੁਣ ਤੱਕ 16,997 ਪਸ਼ੂਆਂ ਦੀ ਇਸ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ। ਜ਼ਿਆਦਾ ਮੌਤਾਂ ਗਾਵਾਂ ਦੀਆਂ ਹੋਈਆਂ ਹਨ। ਪਸ਼ੂ ਵਪਾਰੀ ਪਰਮਜੀਤ ਸਿੰਘ ਮੌੜ ਆਖਦੇ ਹਨ ਕਿ ਇੱਕ ਗਊ ਦੇ ਨੁਕਸਾਨੇ ਜਾਣ ਨਾਲ ਪਸ਼ੂ ਪਾਲਕਾਂ ਦਾ ਔਸਤਨ 45 ਤੋਂ 50 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਲਿਹਾਜ਼ ਨਾਲ ਪਸ਼ੂ ਪਾਲਕਾਂ ਨੂੰ ਕਰੀਬ 100 ਕਰੋੜ ਰੁਪਏ ਦੀ ਵਿੱਤੀ ਸੱਟ ਵੱਜੀ ਹੈ। ਇਸੇ ਤਰ੍ਹਾਂ ਲੰਪੀ ਸਕਿਨ ਕਾਰਨ ਹੁਣ ਤੱਕ 1,72,644 ਪਸ਼ੂ ਪੀੜਤ ਹੋਏ ਹਨ ਤੇ ਪ੍ਰਤੀ ਪਸ਼ੂ 5 ਤੋਂ 10 ਹਜ਼ਾਰ ਰੁਪਏ ਇਲਾਜ ਦਾ ਖਰਚਾ ਆਇਆ ਹੈ, ਜਿਸ ਦੀ ਔਸਤ ਵੀ ਇੱਕ ਸੌ ਕਰੋੜ ਰੁਪਏ ਬਣਦੀ ਹੈ। ਪਸ਼ੂ ਪਾਲਕ ਦਾਅਵਾ ਕਰਦੇ ਹਨ ਕਿ ਸਰਕਾਰ ਨੇ ਅਸਲ ਅੰਕੜੇ ਲੁਕੋਏ ਹਨ ਤੇ ਪਸ਼ੂਆਂ ਦੇ ਇਲਾਜ ’ਤੇ ਪੰਜ ਸੌ ਕਰੋੜ ਰੁਪਏ ਤੋਂ ਵੱਧ ਖਰਚਾ ਹੋ ਚੁੱਕਿਆ ਹੈ। ਸਰਕਾਰੀ ਜਾਣਕਾਰੀ ਅਨੁਸਾਰ ਬਠਿੰਡਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 2335 ਪਸ਼ੂਆਂ ਦੀ ਇਸ ਬਿਮਾਰੀ ਨਾਲ ਮੌਤ ਹੋਈ ਹੈ। ਜ਼ਿਲ੍ਹਾ ਮੋਗਾ ’ਚ 2221 ਪਸ਼ੂ ਤੇ ਲੁਧਿਆਣਾ ਜ਼ਿਲ੍ਹੇ ’ਚ 2075 ਪਸ਼ੂ ਇਸ ਬਿਮਾਰੀ ਕਾਰਨ ਮੌਤ ਦੇ ਮੂੰਹ ਜਾ ਪਏ ਹਨ। ਪੰਜਾਬ ਦਾ ਕੋਈ ਵੀ ਜ਼ਿਲ੍ਹਾ ਇਸ ਬਿਮਾਰੀ ਤੋਂ ਬਚ ਨਹੀਂ ਸਕਿਆ ਹੈ।

ਪਸ਼ੂ ਪਾਲਕਾਂ ਨੂੰ ਮੁਆਵਜ਼ਾ ਦੇਵੇ ਸਰਕਾਰ: ਬੀਕੇਯੂ

ਬੀਕੇਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਆਖਦੇ ਹਨ ਕਿ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਇਸ ਬਿਮਾਰੀ ਨੇ ਪਸ਼ੂ ਪਾਲਕਾਂ ਨੂੰ ਜ਼ਿਆਦਾ ਮਾਰ ਪਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪ੍ਰਤੀ ਪਸ਼ੂ ਇੱਕ ਲੱਖ ਰੁਪਏ ਦਾ ਮੁਆਵਜ਼ਾ ਦੇਵੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਤਾਂ ਮੁਰਦਾ ਪਸ਼ੂਆਂ ਨੂੰ ਦੱਬਣ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਸੀ, ਜਿਸ ਕਾਰਨ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।  

Add a Comment

Your email address will not be published. Required fields are marked *