ਪੰਜਾਬ ਦੇ ਆਬਕਾਰੀ ਇੰਸਪੈਕਟਰਾਂ ਤੇ ਅਧਿਕਾਰੀਆਂ ਨੂੰ ਮਿਲੀਆਂ ਵਿਸ਼ੇਸ਼ ਜੈਕਟਾਂ

ਚੰਡੀਗੜ੍ਹ: ਇਨਫੋਰਸਮੈਂਟ ਗਤੀਵਿਧੀਆਂ ਦੌਰਾਨ ਆਬਕਾਰੀ ਅਧਿਕਾਰੀਆਂ ਨੂੰ ਅਧਿਕਾਰਕ ਮਾਨਤਾ ਦੇਣ ਲਈ ਪੰਜਾਬ ਆਬਕਾਰੀ ਵਿਭਾਗ ਨੇ ਵਿਭਾਗ ਦੇ ਆਬਕਾਰੀ ਇੰਸਪੈਕਟਰਾਂ, ਆਬਕਾਰੀ ਅਧਿਕਾਰੀਆਂ ਅਤੇ ਇਸ ਤੋਂ ਉਪਰ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਜੈਕੇਟਾਂ ਪ੍ਰਦਾਨ ਕੀਤੀਆਂ ਹਨ। ਇਨ੍ਹਾਂ ਜੈਕੇਟਾਂ ਦੇ ਅੱਗੇ ਪੰਜਾਬ ਸਰਕਾਰ ਅਤੇ ਐੱਸ. ਓ. ਜੀ. (ਸਪੈਸ਼ਲ ਆਪ੍ਰੇਸ਼ਨ ਗਰੁੱਪ) ਦਾ ਲੋਗੋ ਲੱਗਾ ਹੈ ਅਤੇ ਪਿਛਲੇ ਪਾਸੇ ਵਿਭਾਗ ਦਾ ਨਾਂ ਲਿਖਿਆ ਹੋਇਆ ਹੈ। ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਾਕਿਆਂ ਜਾਂ ਛਾਪੇਮਾਰੀ ਦੌਰਾਨ ਆਬਕਾਰੀ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਜੈਕੇਟਾਂ ’ਤੇ ਰਿਫਲੈਕਟਿਵ ਪੱਟੀਆਂ ਲਈਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਪਿਛਲੇ ਸਮੇਂ ਦੌਰਾਨ ਖ਼ਾਸ ਤੌਰ ’ਤੇ ਰਾਤ ਦੇ ਸਮੇਂ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ’ਚ ਸਰਕਾਰੀ ਪਹਿਰਾਵੇ ਦੀ ਅਣਹੋਂਦ ਕਾਰਨ ਇਨਫੋਰਸਮੈਂਟ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਆਬਕਾਰੀ ਇਨਫੋਰਸਮੈਂਟ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਵਿਭਾਗ ਦੇ ਅਧਿਕਾਰੀ ਲੰਬੇ ਸਮੇਂ ਤੋਂ ਅਜਿਹੀਆਂ ਸਰਕਾਰੀ ਜੈਕੇਟਾਂ ਜਾਂ ਪਹਿਨਾਵੇ ਨੂੰ ਲਾਗੂ ਕਰਨ ਮੰਗ ਕਰਦੇ ਆ ਰਹੇ ਸਨ। ਉਨ੍ਹਾਂ ਕਿਹਾ ਕਿ ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇਸ ਸਰਕਾਰੀ ਜੈਕੇਟ ਨੂੰ ਲਾਂਚ ਕਰਕੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਹ ਪਹਿਲ ਕਦਮੀ ਅਧਿਕਾਰੀਆਂ ਵੱਲੋਂ ਨਿਰਵਿਘਨ ਘੇਰਾਬੰਦੀ, ਤਲਾਸ਼ੀ ਅਤੇ ਜ਼ਬਤ ਕਾਰਵਾਈਆਂ ਨੂੰ ਯਕੀਨੀ ਬਣਾਉਣ ਦੀ ਦਿਸ਼ਾ ’ਚ ਸਹਾਇਕ ਹੋ ਰਹੀ ਹੈ ਅਤੇ ਜਿੱਥੋਂ ਤੱਕ ਇਨਫੋਰਸਮੈਂਟ ਗਤੀਵਿਧੀਆਂ ਦਾ ਸਬੰਧ ਹੈ, ਇਹ ਯਕੀਨੀ ਤੌਰ ’ਤੇ ਵਿਭਾਗ ਦੀ ਪੇਸ਼ੇਵਰ ਕੁਸ਼ਲਤਾ ਵਿਚ ਵਿਸਤਾਰ ਕਰੇਗੀ। ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਆਬਕਾਰੀ ਮਾਲੀਆ ਟੀਚਿਆਂ ਦੀ ਪ੍ਰਾਪਤੀ ਲਈ ਤਨਦੇਹੀ ਨਾਲ ਯਤਨ ਕਰਨ ਦੇ ਨਾਲ-ਨਾਲ ਗੁਆਂਢੀ ਸੂਬਿਆਂ ’ਚ ਸ਼ਰਾਬ ਦੀ ਤਸਕਰੀ ਨੂੰ ਰੋਕਣ ਤੇ ਨਾਜਾਇਜ਼ ਸ਼ਰਾਬ ਦੇ ਉਤਪਾਦਨ ਅਤੇ ਵਿਕਰੀ ਨੂੰ ਰੋਕ ਲਾਉਣ ਲਈ ਠੋਸ ਯਤਨ ਕਰ ਰਿਹਾ ਹੈ।

Add a Comment

Your email address will not be published. Required fields are marked *