ਪੰਜਾਬ ਤੇ ਚੰਡੀਗੜ੍ਹ ‘ਚ ‘ਮੌਸਮ’ ਨੂੰ ਲੈ ਕੇ ਜ਼ਰੂਰੀ ਖ਼ਬਰ, ਵਿਭਾਗ ਨੇ ਜਾਰੀ ਕੀਤਾ ਮੀਂਹ ਤੇ ਗੜ੍ਹੇਮਾਰੀ ਦਾ ਅਲਰਟ

ਲੁਧਿਆਣਾ : ਪੂਰੇ ਪੰਜਾਬ ’ਚ ਐਤਵਾਰ ਨੂੰ ਬੱਦਲਾਂ ਦੇ ਨਾਲ ਤੇਜ਼ ਹਵਾਵਾਂ ਨੇ ਲੋਕਾਂ ਨੂੰ ਦਿਨ ਭਰ ਠਰਨ ਲਈ ਮਜਬੂਰ ਕੀਤਾ, ਉੱਥੇ ਸ਼ਾਮ ਢੱਲਦੇ ਹੀ ਬੱਦਲ ਵਰ੍ਹੇ। ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਸੋਮਵਾਰ ਨੂੰ ਵੀ ਪੰਜਾਬ ਅਤੇ ਚੰਡੀਗੜ੍ਹ ‘ਚ ਮੀਂਹ ਅਤੇ ਗੜ੍ਹੇਮਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਸੋਮਵਾਰ ਸਵੇਰੇ ਪੰਜਾਬ ਦੇ ਕਈ ਇਲਾਕਿਆਂ ’ਚ ਬਹੁਤ ਸੰਘਣੀ ਧੁੰਦ ਪੈ ਸਕਦੀ ਹੈ। ਇਸ ਤੋਂ ਬਾਅਦ ਬੱਦਲ ਕਈ ਇਲਾਕਿਆਂ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਕੇ ਰੱਖਣਗੇ, ਜਿਸ ਨਾਲ ਗਰਜ ਦੇ ਨਾਲ ਛਿੱਟੇ ਪੈ ਸਕਦੇ ਹਨ ਅਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।

ਮੰਗਲਵਾਰ ਬੱਦਲ ਛਟ ਜਾਣਗੇ ਪਰ ਸਵੇਰੇ ਫਿਰ ਤੋਂ ਸੰਘਣੀ ਧੁੰਦ ਪੈ ਸਕਦੀ ਹੈ। ਐਤਵਾਰ ਨੂੰ ਵੀ ਪੰਜਾਬ ਦੇ ਕਈ ਇਲਾਕਿਆਂ ’ਚ ਸ਼ਾਮ 7 ਵਜੇ ਤੋਂ ਬਾਅਦ ਬੂੰਦਾ-ਬਾਂਦੀ ਅਤੇ ਹਲਕਾ ਮੀਂਹ ਪਿਆ। ਇਸ ਨਾਲ ਰਾਹਗੀਰਾਂ ਨੂੰ ਭਿੱਜਣ ਲਈ ਮਜਬੂਰ ਹੋਣਾ ਪਿਆ। ਭਾਵੇਂ ਮੀਂਹ ਕੁੱਝ ਦੇਰ ਲਈ ਪਿਆ ਪਰ ਇਸ ਨਾਲ ਠੰਡ ਇਕਦਮ ਨਾਲ ਵਧ ਗਈ। ਉੱਥੇ ਦਿਨ ਭਰ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ। ਇਸ ਤਰ੍ਹਾਂ ਲੋਕ ਘਰਾਂ ਵਿਚ ਹੀ ਬੰਦ ਰਹੇ।

ਬੱਦਲਾਂ ਅਤੇ ਹਵਾਵਾਂ ਦੀ ਵਜ੍ਹਾ ਨਾਲ ਦਿਨ ਦੇ ਤਾਪਮਾਨ ’ਚ ਵੀ ਗਿਰਾਵਟ ਆਈ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਸ਼ਹਿਰ ’ਚ ਘੱਟੋ-ਘੱਟ 6.2 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 16.9 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਸਵੇਰ ਸਮੇਂ ਹਵਾ ਵਿਚ ਨਮੀ ਦੀ ਮਾਤਰਾ 93 ਫ਼ੀਸਦੀ ਅਤੇ ਸ਼ਾਮ ਸਮੇਂ 96 ਫ਼ੀਸਦੀ ਰਹੀ, ਉੱਥੇ 1.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

Add a Comment

Your email address will not be published. Required fields are marked *