ਪੰਜਾਬ ਦੀਆਂ ਧੀਆਂ ਨੇ ਕੈਨੇਡਾ ਵਿਸ਼ਵ ਪੁਲਸ ਖੇਡਾਂ ’ਚ ਕਰਵਾਈ ਬੱਲੇ-ਬੱਲੇ

ਤਰਨਤਾਰਨ –ਕੈਨੇਡਾ ਦੇ ਵਿਨੀਪੈਗ ਸ਼ਹਿਰ ’ਚ ਚੱਲ ਰਹੀਆਂ ਵਿਸ਼ਵ ਪੁਲਸ ਤੇ ਫਾਇਰ ਖੇਡਾਂ ’ਚ ਜ਼ਿਲ੍ਹਾ ਤਰਨਤਾਰਨ ਦੀ ਪਹਿਲਵਾਨ ਗੁਰਸ਼ਰਨਪ੍ਰੀਤ ਕੌਰ ਨੇ 76 ਕਿਲੋ ਵਰਗ ਮੁਕਾਬਲੇ ’ਚ ਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਕਰ ਦੀ ਸ਼ਵਿੰਦਰ ਕੌਰ ਨੇ ਬਾਕਸਿੰਗ ’ਚ ਸੋਨ ਤਮਗਾ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ ਹੈ। 

ਗੁਰਸ਼ਰਨਪ੍ਰੀਤ ਕੌਰ ਨੇ ਸੋਨ ਤਮਗਾ ਜਿੱਤ ਕੇ ਨਾ ਸਿਰਫ ਪੰਜਾਬ ਪੁਲਸ ਦਾ ਸਗੋਂ ਤਰਨਤਾਰਨ ਜ਼ਿਲ੍ਹੇ ਦਾ ਵੀ ਨਾਂ ਰੌਸ਼ਨ ਕੀਤਾ ਹੈ। ਇਸ ਵੱਡੀ ਪ੍ਰਾਪਤੀ ਦੇ ਚੱਲਦਿਆਂ ਪਰਿਵਾਰਕ ਮੈਂਬਰਾਂ ਵਲੋਂ ਭਾਰੀ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲਸ ’ਚ ਬਤੌਰ ਇੰਸਪੈਕਟਰ ਤਾਇਨਾਤ ਗੁਰਸ਼ਰਨਪ੍ਰੀਤ ਕੌਰ ਜ਼ਿਲ੍ਹੇ ਦੇ ਪਿੰਡ ਵੜਿੰਗ ਮੋਹਨਪੁਰ ਦੀ ਜੰਮਪਲ ਹੈ। ਸੋਨ ਤਮਗਾ ਜਿੱਤ ਕੇ ਵਤਨ ਪਰਤੀ ਗੁਰਸ਼ਨਪ੍ਰੀਤ ਕੌਰ ਨੇ ਦੱਸਿਆ ਕਿ ਘਰੇਲੂ ਸਮੱਸਿਆਵਾਂ ਹੋਣ ਦੇ ਬਾਵਜੂਦ ਉਹ ਪਿਛਲੇ ਕਈ ਸਾਲਾਂ ਤੋਂ ਭਾਰਤ ਦਾ ਨਾਂ ਰੌਸ਼ਨ ਕਰਦੀ ਆ ਰਹੀ ਹੈ। ਵਤਨ ਪਹੁੰਚਣ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਨੇ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਭਰਾ ਕਰਮਜੀਤ ਸਿੰਘ, ਚਾਚਾ ਸਹੁਰਾ ਬੇਅੰਤ ਸਿੰਘ ਸਰਪੰਚ, ਬੇਟੀ ਨਿਮਰਤ ਕੌਰ, ਮਾਤਾ ਰਾਜਬੀਰ ਕੌਰ, ਰਾਣੋ, ਹਰਪ੍ਰੀਤ ਕੌਰ ਤੇ ਅਵਤਾਰ ਸਿੰਘ ਆਦਿ ਵੀ ਹਾਜ਼ਰ ਸਨ।

ਇਸੇ ਤਰ੍ਹਾਂ ਕੈਨੇਡਾ ’ਚ ਚੱਲ ਰਹੀਆਂ ਵਿਸ਼ਵ ਪੁਲਸ ਤੇ ਫਾਇਰ ਖੇਡਾਂ ’ਚ ਵਧੀਆ ਪ੍ਰਦਰਸ਼ਨ ਕਰਦਿਆਂ ਲਾਗਲੇ ਪਿੰਡ ਚਕਰ ਦੀ ਸ਼ਵਿੰਦਰ ਕੌਰ ਨੇ ਸੋਨ ਤਮਗਾ ਜਿੱਤਿਆ, ਜਿਸ ਨੂੰ ਲੈ ਕੇ ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਪੋਰਟਸ ਅਕੈਡਮੀ ਦੇ ਜਸਕਿਰਨਪ੍ਰੀਤ ਸਿੱਧੂ ਤੇ ਅਮਿਤ ਕੁਮਾਰ ਨੇ ਦੱਸਿਆ ਕਿ ਸ਼ਵਿੰਦਰ ਕੌਰ ਚਕਰ ਦੀ ਪਹਿਲੀ ਮੁੱਕੇਬਾਜ਼ ਕੁੜੀ ਹੈ, ਜਿਸ ਨੇ ਨਵੰਬਰ 2022 ਵਿਚ ‘ਆਲ ਇੰਡੀਆ ਪੁਲਸ ਗੇਮਜ਼’ ਵਿਚ ਬਾਕਸਿੰਗ ਦਾ ਸੋਨ ਤਮਗਾ ਜਿੱਤਿਆ ਸੀ, ਜਿਸ ਆਧਾਰ ’ਤੇ ਉਸ ਨੂੰ ਵਿਸ਼ਵ ਪੁਲਸ ਖੇਡਾਂ ’ਚ ਹਿੱਸਾ ਲੈਣ ਲਈ ਚੁਣਿਆ ਗਿਆ। ਗੱਲਬਾਤ ਕਰਦਿਆਂ ਸਰਪੰਚ ਬੂਟਾ ਸਿੰਘ, ਪ੍ਰਿੰ. ਬਲਵੰਤ ਸਿੰਘ ਸੰਧੂ ਅਤੇ ਰਛਪਾਲ ਸਿੰਘ ਸਿੱਧੂ ਨੇ ਕਿਹਾ ਸ਼ਵਿੰਦਰ ਕੌਰ ਦੇ ਚਕਰ ਪੁੱਜਣ ’ਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।

Add a Comment

Your email address will not be published. Required fields are marked *