ਰਿਸ਼ੀ ਸੁਨਕ ਨੂੰ ਵੱਡਾ ਝਟਕਾ, ਉਪ-ਚੋਣਾਂ ‘ਚ ਪਾਰਟੀ ਨੂੰ ਮਿਲੀ 2 ਸੀਟਾਂ ‘ਤੇ ਹਾਰ

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਆਪਣੀਆਂ 2 ਸੁਰੱਖਿਅਤ ਸੀਟਾਂ ‘ਤੇ ਕਰਾਰੀ ਹਾਰ ਦਾ ਸਹਮਣਾ ਕਰਨਾ ਪਿਆ ਹੈ। ਇਸ ਹਾਰ ਨਾਲ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ‘ਚ ਜਿੱਤਣ ਦੀ ਸੰਭਾਵਨਾ ‘ਤੇ ਸ਼ੱਕ ਪੈਦਾ ਹੋ ਗਿਆ ਹੈ। ਦੋਹਰੀ ਹਾਰ ਕਾਰਨ ਪਾਰਟੀ ਦੇ ਸਮਰਥਨ ‘ਚ ਵੀ ਗਿਰਾਵਟ ਦਿਖ ਰਹੀ ਹੈ। ਬ੍ਰਿਟੇਨ ‘ਚ 1991 ਤੋਂ ਬਾਅਦ ਅਜਿਹਾ ਸਿਰਫ਼ ਤੀਜੀ ਵਾਰ ਹੋਇਆ ਹੈ, ਜਦੋਂ ਕੋਈ ਪ੍ਰਧਾਨ ਮੰਤਰੀ ਇਕ ਦਿਨ ‘ਚ ਹੀ ਦੋ ਸੀਟਾਂ ‘ਤੋਂ ਉਪ-ਚੋਣਾਂ ਹਾਰ ਗਿਆ ਹੋਵੇ। ਮੁੱਖ ਵਿਰੋਧੀ ਪਾਰਟੀ ਲੇਬਰ ਪਾਰਟੀ ਨੇ ਲੰਡਨ ਦੇ ਉੱਤਰ ‘ਚ ਮਿਡ-ਬੈਡਫੋਰਸ਼ਾਇਰ ਦੀ ਸੀਟ ‘ਤੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਇਹ ਸੀਟ 25,000 ਵੋਟਾਂ ਦੇ ਫਰਕ ਨਾਲ ਜਿੱਤੀ, ਜੋ 1945 ਤੋਂ ਬਾਅਦ ਉਪ-ਚੋਣਾਂ ਦੌਰਾਨ ਸਭ ਤੋਂ ਵੱਡੀ ਜਿੱਤ ਬਣ ਗਈ ਹੈ। ਲੇਬਰ ਪਾਰਟੀ ਨੇ ਕੰਜ਼ਰਵੇਟਿਵ ਪਾਰਟੀ ਦੇ ਇਕ ਹੋਰ ਗੜ੍ਹ ਟੈਮਵਰਥ ਸੀਟ ‘ਤੇ ਵੀ ਜਿੱਤ ਹਾਸਲ ਕੀਤੀ ਹੈ।   

ਲੇਬਰ ਪਾਰਟੀ ਦੇ ਆਗੂ ਕੀਰ ਸਟਾਰਮਰ ਨੇ ਇਕ ਬਿਆਨ ‘ਚ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦੇ ਇਨ੍ਹਾਂ ਗੜ੍ਹਾਂ ‘ਚ ਜਿੱਤ ਨਾਲ ਇਹ ਸਾਬਿਤ ਹੁੰਦਾ ਹੈ ਕਿ ਦੇਸ਼ ਦੀ ਜਨਤਾ ਹੁਣ ਬਦਲਾਅ ਚਾਹੁੰਦੀ ਹੈ ਤੇ ਬਦਲੀ ਹੋਈ ਲੇਬਰ ਪਾਰਟੀ ਨੂੰ ਆਪਣਾ ਸਮਰਥਨ ਦੇਣ ਲਈ ਤਿਆਰ ਹੈ। ਉਨ੍ਹਾਂ ਅੱਗੇ ਕਿਹਾ ਕਿ 43 ਸਾਲਾ ਰਿਸ਼ੀ ਸੁਨਕ ਨੇ ਖੁਦ ਨੂੰ ਇਕ ਸਾਹਸੀ ਸੁਧਾਰਕ ਦੇ ਰੂਪ ‘ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਆਰਥਿਕ ਉਤਾਰ-ਚੜਾਅ ਅਤੇ ਘਪਲਿਆਂ ਦੇ ਕਾਰਨ 2 ਅਧਿਕਾਰੀਆਂ ਨੂੰ ਬਰਖਾਸਤ ਕਰਨ ਤੋਂ ਬਾਅਦ ਦੇਸ਼ ‘ਚ ਕੁਝ ਵਿਸ਼ਵਾਸ ਹਾਸਲ ਕੀਤਾ ਸੀ। ਵਧ ਰਹੀ ਮਹਿੰਗਾਈ, ਆਰਥਿਕ ਸਥਿਰਤਾ ਤੇ ਸੂਬੇ ਵੱਲੋਂ ਚਲਾਈਆਂ ਜਾ ਰਹੀਂਆਂ ਸਿਹਤ ਸੇਵਾਵਾਂ ਦੀ ਵਰਤੋਂ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਕਰਨ ਕਾਰਨ ਲੋਕ ਨਾਰਾਜ਼ ਹਨ। 

Add a Comment

Your email address will not be published. Required fields are marked *