ਭਾਰੀ ਮੀਂਹ ਕਾਰਨ ਕੇਦਾਰਨਾਥ ਮਾਰਗ ’ਤੇ ਚਾਰ ਜਣੇ ਰੁੜ੍ਹੇ

ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਕੇਦਾਰਨਾਥ ਯਾਤਰਾ ਮਾਰਗ ’ਤੇ ਗੌਰੀਕੁੰਡ ਵਿੱਚ ਭਾਰੀ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਮਗਰੋਂ ਚਾਰ ਜਣਿਆਂ ਦੀ ਮੌਤ ਹੋ ਗਈ, ਜਦਕਿ ਨੌਂ ਹੋਰ ਲਾਪਤਾ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਆਫਤ ਪ੍ਰਬੰਧਨ ਰੂਮ ਦਾ ਦੌਰਾ ਕਰਦਿਆਂ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਰਾਹਤ ਅਤੇ ਬਚਾਅ ਕਾਰਜ ’ਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਰੁਦਰਪ੍ਰਯਾਗ ਜ਼ਿਲ੍ਹਾ ਮੈਜਿਸਟ੍ਰੇਟ ਸੌਰਭ ਗਹਿਰਵਰ ਨੇ ਦੱਸਿਆ ਕਿ ਚਾਰ ਜਣਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਚਾਰ ਧਾਮ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਮੰਦਰ ਤੱਕ ਲਿਜਾਣ ਵਾਲਾ ਇੱਕ ਨੇਪਾਲੀ ਪਰਿਵਾਰ ਲਾਪਤਾ ਹੈ। ਇਸੇ ਤਰ੍ਹਾਂ ਮੰਦਾਕਿਨੀ ਦਰਿਆ ਕੰਢੇ ਸਥਿਤ ਦੁਕਾਨਾਂ ਹੜ੍ਹ ਗਈਆਂ। 

ਹਰਿਆਣਾ ਦੇ ਮੌਸਮ ਵਿਭਾਗ ਨੇ 21 ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਹੈ। ਯਮੁਨਾਨਗਰ ਅਤੇ ਰਿਵਾੜੀ ਜ਼ਿਲ੍ਹੇ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿੱਚ 115. ਮਿਲੀਮੀਟਰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਕੈਥਲ, ਮਹਿੰਦਰਗੜ੍ਹ, ਰਿਵਾੜੀ, ਝੱਜਰ, ਸੋਨੀਪਤ, ਗੁਰੂਗਰਾਮ, ਮੇਵਾਤ, ਰੋਹਤਕ, ਜੀਂਦ ਭਿਵਾਨੀ ਅਤੇ ਚਰਖੀਦਾਦਰੀ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ।

Add a Comment

Your email address will not be published. Required fields are marked *