ਕਰਨਾਟਕ ਚੋਣਾਂ ’ਚ ਬਦਲ ਰਹੇ ਹਨ ਸਿਆਸੀ ਸਮੀਕਰਨ, ਕੀ ਇਸ ਵਾਰ ਵੀ ਕਾਂਗਰਸ ਤੇ ਭਾਜਪਾ ’ਚ ਹੈ ਸਿੱਧੀ ਟੱਕਰ

ਜਲੰਧਰ – ਕਰਨਾਟਕ ’ਚ 10 ਮਈ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ’ਚ ਮੁਕਾਬਲਾ ਦਿਲਚਸਪ ਹੁੰਦਾ ਜਾ ਰਿਹਾ ਹੈ। ਭਾਜਪਾ ਦੀ ਟਿਕਟ ਵੰਡ ਰਣਨੀਤੀ ਨੂੰ ਵੇਖਦਿਆਂ ਕਾਂਗਰਸ ਤੇ ਜਨਤਾ ਦਲ (ਸੈਕੂਲਰ) ਦੋਵਾਂ ਨੇ ਇਕ-ਦੂਜੇ ਨੂੰ ਭਾਜਪਾ ਦੀ ‘ਬੀ ਟੀਮ’ ਕਰਾਰ ਦਿੱਤਾ ਹੈ। ਦੂਜੇ ਪਾਸੇ ਭਾਜਪਾ ਨੂੰ ਉਸ ਵੱਲੋਂ ਤਿਆਰ ਕੀਤੇ ਗਏ ਗੇਮ ਪਲਾਨ ’ਤੇ ਪੂਰਾ ਭਰੋਸਾ ਹੈ ਕਿ ਉਹ ਚੋਣ ਮੈਦਾਨ ਵਿਚ ਬਾਜ਼ੀ ਮਾਰ ਲਵੇਗੀ। ਹਾਲਾਂਕਿ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਇਸ ਵਾਰ ਵੀ ਸਖਤ ਮੁਕਾਬਲਾ ਜ਼ਿਆਦਾਤਰ ਦੋ ਮੁੱਖ ਵਿਰੋਧੀ ਪਾਰਟੀਆਂ ਦਰਮਿਆਨ ਹੀ ਰਹਿਣ ਵਾਲਾ ਹੈ।

ਸਿਆਸੀ ਵਿਗਿਆਨੀ ਤੇ ਬੈਂਗਲੁਰੂ ਦੀ ਜੈਨ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਸੰਦੀਪ ਸ਼ਾਸਤਰੀ ਨੇ ਮੀਡੀਆ ਰਿਪੋਰਟ ’ਚ ਕਿਹਾ ਕਿ ਕਰਨਾਟਕ ’ਚ ਕਾਂਗਰਸ ਤੇ ਭਾਜਪਾ ਦਰਮਿਆਨ ਸਿੱਧੇ ਮੁਕਾਬਲੇ ਦਾ ਇਹ ਰਿਵਾਜ 2004 ’ਚ ਸ਼ੁਰੂ ਹੋਇਆ ਸੀ ਜਦੋਂ ਜਨਤਾ ਦਲ (ਐੱਸ.) ਨੂੰ ਵਿਧਾਨ ਸਭਾ ’ਚ ਤੀਜੇ ਨੰਬਰ ’ਤੇ ਧੱਕ ਦਿੱਤਾ ਗਿਆ ਸੀ। 1999 ਦੇ ਬਾਅਦ ਤੋਂ ਜਨਤਾ ਦਲ (ਐੱਸ.) ਨੇ ਮੁੱਖ ਦੌੜ ਕਾਂਗਰਸ ਤੇ ਭਾਜਪਾ ਨੂੰ ਦੇ ਦਿੱਤੀ ਹੈ।

2004 ’ਚ 105 ਸੀਟਾਂ ’ਤੇ ਕਾਂਗਰਸ ਤੇ ਭਾਜਪਾ ਦਰਮਿਆਨ ਸਿੱਧਾ ਮੁਕਾਬਲਾ ਸੀ। 2008 ’ਚ ਇਹ ਗਿਣਤੀ 144 ਅਤੇ 2013 ’ਚ 109 (ਭਾਜਪਾ+ਕੇ. ਜੇ. ਪੀ.) ਸੀ। ਸਿਆਸੀ ਮਾਹਿਰਾਂ ਮੁਤਾਬਕ ਇਸੇ ਸੰਦਰਭ ’ਚ ਕਰਨਾਟਕ ਦੀ ਸਿਆਸਤ ਵਿਚ ਦੋ ਕੌਮੀ ਪਾਰਟੀਆਂ ਦਰਮਿਆਨ ਸਿੱਧਾ ਮੁਕਾਬਲਾ ਕੇਂਦਰੀ ਸਥਾਨ ਲੈਂਦਾ ਹੈ। ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਸੀਟਾਂ ’ਤੇ ਉਸ ਦਾ ਕਾਂਗਰਸ ਨਾਲ ਸਿੱਧਾ ਮੁਕਾਬਲਾ ਹੈ, ਉਹ ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀਆਂ ਕੁਲ ਸੀਟਾਂ ਦਾ ਇਕ ਅਹਿਮ ਹਿੱਸਾ ਹਨ।

ਸੂਬੇ ’ਚ 3 ਮੁੱਖ ਸਿਆਸੀ ਪਾਰਟੀਆਂ ਹਨ ਅਤੇ ਪਹਿਲਾਂ ਦੀਆਂ ਚੋਣਾਂ ’ਚ ਤਿਕੋਣੇ ਮੁਕਾਬਲੇ ਵਿਚ ਇਹ ਕਿਤੇ-ਕਿਤੇ ਇਕ-ਦੂਜੇ ਦੇ ਖਿਲਾਫ ਸਿੱਧੇ ਮੁਕਾਬਲੇ ’ਚ ਰਹੀਆਂ ਹਨ। ਮੀਡੀਆ ਦੇ ਇਕ ਸਰਵੇਖਣ ’ਚ ਕਿਹਾ ਗਿਆ ਹੈ ਕਿ 2004 ਤੇ 2018 ਦਰਮਿਆਨ ਕਰਨਾਟਕ ਦੀਆਂ 224 ਵਿਧਾਨ ਸਭਾ ਸੀਟਾਂ ਵਿਚੋਂ ਅੱਧੀਆਂ ਵਿਚ ਭਾਜਪਾ ਤੇ ਕਾਂਗਰਸ ਦਰਮਿਆਨ ਸਿੱਧਾ ਮੁਕਾਬਲਾ ਵੇਖਿਆ ਗਿਆ ਹੈ।

ਭਾਜਪਾ ਨੇ ਇਨ੍ਹਾਂ ਵਿਚੋਂ 60 ਫੀਸਦੀ ’ਤੇ ਜਿੱਤ ਬਰਕਰਾਰ ਰੱਖੀ। ਇਸੇ ਤਰ੍ਹਾਂ 2004 ਤੋਂ ਹੁਣ ਤਕ ਜਿਨ੍ਹਾਂ ਸੀਟਾਂ ’ਤੇ ਕਾਂਗਰਸ ਤੇ ਜਨਤਾ ਦਲ (ਐੱਸ.) ਦਰਮਿਆਨ ਸਿੱਧਾ ਮੁਕਾਬਲਾ ਵੇਖਿਆ ਗਿਆ, ਉਨ੍ਹਾਂ ਵਿਚ ਐੱਚ. ਡੀ. ਦੇਵੇਗੌੜਾ ਦੀ ਅਗਵਾਈ ਵਾਲੀ ਪਾਰਟੀ ਨੇ 52 ਫੀਸਦੀ ’ਤੇ ਪਕੜ ਬਣਾ ਕੇ ਰੱਖੀ ਹੈ। 2004 ਦੀਆਂ ਵਿਧਾਨ ਸਭਾ ਚੋਣਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਸਿਆਸੀ ਮਾਹਿਰ ਕਹਿੰਦੇ ਹਨ ਕਿ ਇਸ ਚੋਣ ਵਿਚ ਸ਼ੁਰੂ ’ਚ ਮੁਕਾਬਲਾ ਕਾਂਗਰਸ ਬਨਾਮ ਜਨਤਾ ਦਲ (ਐੱਸ.) ਤੋਂ ਟਰਾਂਸਫਰ ਹੋ ਕੇ ਕਾਂਗਰਸ ਬਨਾਮ ਭਾਜਪਾ ਹੋ ਗਿਆ ਸੀ। ਉਸ ਸਾਲ ਚੋਣ ਟੁਟਵੇਂ ਲੋਕ ਫਤਵੇ ਦੇ ਨਾਲ ਸੰਪੰਨ ਹੋਈ ਸੀ ਅਤੇ ਭਾਜਪਾ ਨੇ 9, ਕਾਂਗਰਸ ਨੇ 65 ਅਤੇ ਜਨਤਾ ਦਲ (ਐੱਸ.) ਨੇ 58 ਸੀਟਾਂ ਜਿੱਤੀਆਂ ਸਨ। ਅਹਿਮ ਗੱਲ ਇਹ ਹੈ ਕਿ ਕੋਈ ਵੀ ਪਾਰਟੀ 2004 ਦੇ ਬਾਅਦ ਤੋਂ ਕਰਨਾਟਕ ’ਚ ਆਪਣੇ ਦਮ ’ਤੇ 123 ਸੀਟਾਂ ਦੇ ਬਹੁਮਤ ਦੇ ਅੰਕੜੇ ਨੂੰ ਪਾਰ ਨਹੀਂ ਕਰ ਸਕੀ। 2013 ’ਚ ਕਾਂਗਰਸ ਉਸ ਦੇ ਸਭ ਤੋਂ ਨੇੜੇ ਆ ਗਈ ਸੀ ਜਦੋਂ ਉਸ ਨੇ 122 ਸੀਟਾਂ ਜਿੱਤੀਆਂ ਸਨ।

Add a Comment

Your email address will not be published. Required fields are marked *