ਵਟਸਐਪ ‘ਤੇ ਖ਼ੁਦਕੁਸ਼ੀ ਨੋਟ ਦਾ ਸਟੇਟਸ ਪਾ ਕੇ ਵਿਅਕਤੀ ਵੱਲੋਂ ਖ਼ੁਦਕੁਸ਼ੀ

ਲੁਧਿਆਣਾ : ਇੱਥੇ 37 ਸਾਲਾ ਵਿਅਕਤੀ ਨੇ ਵਟਸਐਪ ’ਤੇ ਖ਼ੁਦਕੁਸ਼ੀ ਨੋਟ ਦਾ ਸਟੇਟਸ ਲਗਾ ਕੇ ਘਰ ’ਚ ਸਲਫਾਸ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਇਸ ਮਾਮਲੇ ’ਚ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਉਸ ਦੇ ਪਿਤਾ, ਦਾਦਾ-ਦਾਦੀ ਅਤੇ ਭੂਆ-ਫੁੱਫੜ ਖ਼ਿਲਾਫ਼ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ। ਸ਼ੁੱਕਰਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ ਗਈ। ਜਾਂਚ ਅਧਿਕਾਰੀ ਏ. ਐੱਸ. ਆਈ. ਪ੍ਰਦੀਪ ਕੁਮਾਰ ਮੁਤਾਬਕ ਮ੍ਰਿਤਕ ਦੀ ਪਛਾਣ ਕੰਵਲਜੀਤ ਸਿੰਘ ਪੰਨੂ ਵਜੋਂ ਹੋਈ ਹੈ।

ਪੁਲਸ ਨੇ ਇਹ ਮਾਮਲਾ ਉਸ ਦੀ ਪਤਨੀ ਰਮਿੰਦਰ ਕੌਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਉਸ ਨੇ ਦੱਸਿਆ ਕਿ ਕੰਵਲਜੀਤ ਨਾਲ ਉਸ ਦਾ ਵਿਆਹ 2017 ’ਚ ਹੋਇਆ ਸੀ। ਉਹ ਮੋਗਾ ‘ਚ ਇਕ ਨਿੱਜੀ ਹਸਪਤਾਲ ’ਚ ਨਰਸ ਹੈ। ਸਾਲ 2020 ਤੋਂ ਜੇ-ਬਲਾਕ, ਬੀ. ਆਰ. ਐੱਸ. ਨਗਰ ’ਚ ਕਿਰਾਏ ’ਤੇ ਰਹਿ ਰਹੇ ਸਨ। ਉਨ੍ਹਾਂ ਦਾ ਅਜੇ ਕੋਈ ਬੱਚਾ ਨਹੀਂ ਸੀ ਅਤੇ ਪਤੀ ਵਿਦੇਸ਼ ਜਾਣ ਲਈ ਪੜ੍ਹਾਈ ਕਰ ਰਿਹਾ ਸੀ।

ਪਤੀ ਰੋਜ਼ਾਨਾ ਸ਼ਾਮ ਨੂੰ ਫਿਰੋਜ਼ਪੁਰ ਰੋਡ ’ਤੇ ਬੱਸ ਤੋਂ ਉਤਰਨ ਤੋਂ ਬਾਅਦ ਉਸ ਲੈਣ ਆਉਂਦਾ ਸੀ। ਵੀਰਵਾਰ ਨੂੰ ਫੋਨ ਕਰ ਕੇ ਉਸ ਨੇ ਖ਼ੁਦ ਹੀ ਘਰ ਆਉਣ ਲਈ ਕਿਹਾ, ਜਿਸ ਤੋਂ ਕੁਝ ਸਮੇਂ ਬਾਅਦ ਵਟਸਐਪ ’ਤੇ ਖ਼ੁਦਕੁਸ਼ੀ ਨੋਟ ਦਾ ਸਟੇਟਸ ਪਾ ਦਿੱਤਾ। ਜਦੋਂ ਉਹ ਘਰ ਪੁੱਜੀ ਤਾਂ ਪਤੀ ਆਪਣੀ ਜੀਵਨ ਲੀਲਾ ਖ਼ਤਮ ਕਰ ਚੁੱਕਾ ਸੀ। ਪੁਲਸ ਮੁਤਾਬਕ ਨਾਮਜ਼ਦ ਮੁਲਜ਼ਮਾਂ ਦੀ ਪਛਾਣਾ ਕੈਨੇਡਾ ਦੇ ਰਹਿਣ ਵਾਲੇ ਪਿਤਾ ਕਸ਼ਮੀਰ ਸਿੰਘ ਅਤੇ ਹੋਰ ਰਿਸ਼ਤੇਦਾਰ ਸੁਰਿੰਦਰਪਾਲ ਕੌਰ, ਹਰਜੀਤ ਸਿੰਘ, ਜੋਗਿੰਦਰ ਸਿੰਘ, ਕੁਲਵੰਤ ਕੌਰ ਵਜੋਂ ਹੋਈ ਹੈ। ਪੁਲਸ ਮੁਤਾਬਕ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਦਾ ਆਪਣੇ ਪਰਿਵਾਰ ਵਾਲਿਆਂ ਨਾਲ ਘਰੇਲੂ ਝਗੜਾ ਚੱਲ ਰਿਹਾ ਸੀ। ਇਸੇ ਕਾਰਨ ਜੀਵਨ ਲੀਲਾ ਖ਼ਤਮ ਕਰ ਲਈ।

Add a Comment

Your email address will not be published. Required fields are marked *