ਗੈਂਗਸਟਰਾਂ ਨੂੰ ਫੰਡਿੰਗ ਦੇ ਦੋਸ਼ ਹੇਠ ਪੀਯੂ ਦਾ ਵਿਦਿਆਰਥੀ ਗ੍ਰਿਫ਼ਤਾਰ

ਚੰਡੀਗੜ੍ਹ, 19 ਨਵੰਬਰ- ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਨੇ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਗਾਂਧੀਅਨ ਐਂਡ ਪੀਸ ਸਟੱਡੀਜ਼ ਵਿਭਾਗ ਵਿੱਚ ਐੱਮਏ ਦੀ ਪੜ੍ਹਾਈ ਕਰ ਰਹੇ ਹਰਸ਼ਵੀਰ ਸਿੰਘ ਬਾਜਵਾ ਵਾਸੀ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਅੱਜ ਉਸ ਨੂੰ ਮੁਹਾਲੀ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

ਸੂਤਰਾਂ ਅਨੁਸਾਰ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਤਰਸੇਮ ਸਿੰਘ ਵਾਸੀ ਆਬੂਧਾਬੀ (ਦੁਬਈ), ਜਗਰੂਪ ਸਿੰਘ ਰੂਪ ਵਾਸੀ ਯੂਐੱਸਏ, ਅੰਮ੍ਰਿਤਪਾਲ ਸਿੰਘ ਐਮੀ ਵਾਸੀ ਚੰਦ ਨਵਾਂ ਬਾਘਾ ਪੁਰਾਣਾ (ਮੋਗਾ), ਮਨਪ੍ਰੀਤ ਸਿੰਘ ਪੀਤਾ ਵਾਸੀ ਫਿਲਪੀਨਜ਼, ਹਰਜੋਤ ਸਿੰਘ ਵਾਸੀ ਯੂਐੱਸਏ, ਹਰਪ੍ਰੀਤ ਸਿੰਘ ਹੈਪੀ ਵਾਸੀ ਇਟਲੀ, ਅਮਨਦੀਪ ਸਿੰਘ ਉਰਫ਼ ਅਮਨ ਖਾਲਿਸਤਾਨੀ ਵਾਸੀ ਮਲੇਸ਼ੀਆ, ਗੁਰਪਿੰਦਰ ਸਿੰਘ ਪਿੰਦਾ ਵਾਸੀ ਤਰਨ ਤਾਰਨ, ਗੁਰਪ੍ਰੀਤ ਸਿੰਘ ਗੋਪੀ ਵਾਸੀ ਤਰਨ ਤਾਰਨ, ਦੀਪਕ ਕੁਮਾਰ ਵਾਸੀ ਸੁਰਖਪੁਰ (ਹਰਿਆਣਾ) ਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ 28 ਅਕਤੂਬਰ 2022 ਨੂੰ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ, ਜਿਸ ਦੇ ਸਬੰਧ ਵਿੱਚ ਹੀ ਅੱਜ ਹਰਸ਼ਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਨੁਸਾਰ ਹਰਸ਼ਵੀਰ ਬਾਜਵਾ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੇ ਕਹਿਣ ’ਤੇ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ਨੂੰ ਫੰਡਿੰਗ ਕਰਦਾ ਸੀ ਅਤੇ ਉਸ ਦੇ ਬੈਂਕ ਖਾਤੇ ਵਿੱਚ ਵਿਦੇਸ਼ ਤੋਂ ਪੈਸਾ ਭੇਜੇ ਜਾਣ ਦੀ ਵੀ ਖ਼ਬਰ ਮਿਲੀ ਹੈ।  

Add a Comment

Your email address will not be published. Required fields are marked *