ਕਾਊਂਟੀ ਕ੍ਰਿਕਟ ‘ਚ ਨਹੀਂ ਖੇਡਣਗੇ ਅਜਿੰਕਿਆ ਰਹਾਣੇ
ਲੰਡਨ- ਭਾਰਤ ਦੇ ਸੀਨੀਅਰ ਬੱਲੇਬਾਜ਼ ਅਜਿੰਕਿਆ ਰਹਾਣੇ ਲੀਸਟਰਸ਼ ਦੇ ਵਲੋਂ ਕਾਊਂਟੀ ਕ੍ਰਿਕਟ ਨਹੀਂ ਖੇਡਣਗੇ ਕਿਉਂਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਦੇ ਰੁਝੇਵਿਆਂ ਤੋਂ ਬਾਅਦ ਖੇਡ ਤੋਂ ਕੁਝ ਦਿਨ ਦੀ ਛੁੱਟੀ ਲੈਣਾ ਚਾਹੁੰਦੇ ਹਨ। 35 ਸਾਲਾ ਰਹਾਣੇ ਨੇ ਜੂਨ ‘ਚ ਕਾਊਂਟੀ ਕਲੱਬ ਲੀਸਟਰਸ਼ਰ ਨਾਲ ਜੁੜਨਾ ਸੀ ਪਰ ਕੌਮਾਂਤਰੀ ਕ੍ਰਿਕਟ ਪ੍ਰਤੀਬੱਧਤਾਵਾਂ ਨੂੰ ਦੇਖਦੇ ਹੋਏ ਉਹ ਉਦੋਂ ਕਲੱਬ ਨਾਲ ਜੁੜ ਪਾਏ ਸਨ। ਉਹ ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਅਦ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਖੇਡਣ ਲਈ ਇੰਗਲੈਂਡ ਚਲੇ ਗਏ ਸੀ ਅਤੇ ਫਿਰ ਇਸ ਮਹੀਨੇ ਦੇ ਸ਼ੁਰੂ ‘ਚ ਵੈਸਟਇੰਡੀਜ਼ ਦੌਰੇ ‘ਤੇ ਭਾਰਤੀ ਟੀਮ ਦਾ ਵੀ ਹਿੱਸਾ ਸੀ।
ਕਲੱਬ ਨੇ ਕਿਹਾ ਕਿ ਉਨ੍ਹਾਂ ਦੇ ਪਹਿਲੇ ਪ੍ਰੋਗਰਾਮ ‘ਚ ਇਹ ਵਚਨਬੱਧਤਾਵਾਂ ਸ਼ਾਮਲ ਨਹੀਂ ਸਨ ਅਤੇ ਰਹਾਣੇ ਹੁਣ ਅਗਸਤ ਅਤੇ ਸਤੰਬਰ ‘ਚ ਕ੍ਰਿਕਟ ਤੋਂ ਬ੍ਰੇਕ ਲੈਣਾ ਚਾਹੁੰਦੇ ਹਨ, ਮਤਲਬ ਕਿ ਉਹ ਪਹਿਲਾਂ ਦੇ ਪ੍ਰੋਗਰਾਮ ਮੁਤਾਬਕ ਲੀਸਟਰਸ਼ਰ ਲਈ ਨਹੀਂ ਖੇਡ ਸਕਣਗੇ। ਲੀਸਟਰਸ਼ਰ ਦੇ ਕ੍ਰਿਕਟ ਨਿਰਦੇਸ਼ਕ ਕਲਾਉਡ ਹੈਂਡਰਸਨ ਨੇ ਇਕ ਬਿਆਨ ‘ਚ ਕਿਹਾ, ‘ਅਸੀਂ ਅਜਿੰਕਯ ਦੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਹਾਲ ਹੀ ‘ਚ ਉਨ੍ਹਾਂ ਦਾ ਪ੍ਰੋਗਰਾਮ ਬਹੁਤ ਵਿਅਸਤ ਸੀ ਅਤੇ ਅਸੀਂ ਇਸ ਤੋਂ ਉਭਰਨ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦੀ ਉਨ੍ਹਾਂ ਦੀ ਇੱਛਾ ਨੂੰ ਸਵੀਕਾਰ ਕਰਦੇ ਹਾਂ।
ਉਨ੍ਹਾਂ ਨੇ ਕਿਹਾ, ‘ਅਸੀਂ ਅਜਿੰਕਯ ਦੇ ਨਾਲ ਲਗਾਤਾਰ ਸੰਪਰਕ ‘ਚ ਰਹੇ ਹਾਂ ਅਤੇ ਸਵੀਕਾਰ ਕਰਦੇ ਹਾਂ ਕਿ ਕ੍ਰਿਕਟ ‘ਚ ਹਾਲਾਤ ਕਿੰਨੇ ਜਲਦੀ ਬਦਲ ਸਕਦੇ ਹਨ। ਸਾਨੂੰ ਉਮੀਦ ਹੈ ਕਿ ਇਕ ਦਿਨ ਉਹ ਲੀਸਟਰਸ਼ਰ ਲਈ ਜ਼ਰੂਰ ਖੇਡੇਗਾ। ਰਹਾਣੇ ਦੀ ਜਗ੍ਹਾ ਆਸਟ੍ਰੇਲੀਆ ਦੇ ਪੀਟਰ ਹੈਂਡਸਕੋਮਬ ਲੈਣਗੇ।

