ਅਮਰੀਕੀ ਪੁਲਸ ’ਚ ਸਿੱਖ ਨੌਜਵਾਨ ਨੂੰ ਦਾੜ੍ਹੀ ਵਧਾਉਣ ਤੋਂ ਰੋਕਣ ’ਤੇ ਜਥੇਦਾਰ ਦਾ ਬਿਆਨ

ਅੰਮ੍ਰਿਤਸਰ : ਅਮਰੀਕਾ ਦੇ ਨਿਊਯਾਰਕ ਦੀ ਪੁਲਸ ’ਚ ਸਿੱਖ ਜਵਾਨ ਨੂੰ ਦਾੜ੍ਹੀ ਵਧਾਉਣ ਤੋਂ ਰੋਕਣ ਦੀ ਘਟਨਾ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਖ਼ਤ ਨੋਟਿਸ ਲਿਆ ਹੈ। ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਅਮਰੀਕਾ ਦੀ ਸਰਬਪੱਖੀ ਉੱਨਤੀ ਵਿਚ ਸਿੱਖਾਂ ਦੇ ਯੋਗਦਾਨ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਰਾਜਨੀਤੀ ਤੋਂ ਲੈ ਕੇ ਸੁਰੱਖਿਆ, ਤਕਨੀਕੀ ਅਤੇ ਵਿਗਿਆਨ ਦੇ ਖੇਤਰ ਤੱਕ ਸਿੱਖਾਂ ਨੇ ਆਪਣੀ ਲਿਆਕਤ, ਮਿਹਨਤ ਅਤੇ ਈਮਾਨਦਾਰੀ ਨਾਲ ਵੱਡੀਆਂ ਮੱਲਾਂ ਮਾਰੀਆਂ ਹਨ।

ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਮੁਲਕ ਵਿਚ ਸਿੱਖਾਂ ਦੀਆਂ ਧਾਰਮਿਕ ਮਾਨਤਾਵਾਂ ਅਤੇ ਰਹੁ-ਰੀਤਾਂ ਹੁਣ ਜਾਣ-ਪਛਾਣ ਦਾ ਮੁਥਾਜ ਨਹੀਂ ਰਹੀਆਂ। ਸਿੰਘ ਸਾਹਿਬ ਨੇ ਕਿਹਾ ਕਿ ਬਹੁਤ ਦੇਰ ਪਹਿਲਾਂ ਹੀ ਅਮਰੀਕਾ ਦੀ ਫ਼ੌਜ ਅਤੇ ਸਿਵਲ ਸੇਵਾਵਾਂ ਵਿਚ ਆਪਣੇ ਸਿੱਖੀ ਸਰੂਪ ਦੇ ਨਾਲ ਸੇਵਾਵਾਂ ਕਰਨ ਦੀ ਕਾਨੂੰਨੀ ਲੜਾਈ ਸਿੱਖ ਜਿੱਤ ਚੁੱਕੇ ਹਨ, ਜਿਸ ਤੋਂ ਬਾਅਦ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਦੇ ਨਾਲ ਹਰ ਖੇਤਰ ਵਿਚ ਵਿਚਰਨ ਦੀ ਖੁੱਲ੍ਹ ਦਿੱਤੀ ਜਾ ਚੁੱਕੀ ਹੈ ਪਰ ਹੁਣ ਨਿਊਯਾਰਕ ਪੁਲਸ ਵੱਲੋਂ ਇਕ ਸਿੱਖ ਜਵਾਨ ਨੂੰ ਦਾੜ੍ਹੀ ਰੱਖਣ ਤੋਂ ਰੋਕਣਾ ਹੈਰਾਨੀਜਨਕ ਹੈ। ਗਿਆਨੀ ਰਘਬੀਰ ਸਿੰਘ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਵੀ ਅਮਰੀਕਾ ਦੀ ਨਿਊਯਾਰਕ ਪੁਲਸ ਕੋਲ ਆਪਣੇ ਕੂਟਨੀਤਕ ਚੈਨਲਾਂ ਰਾਹੀਂ ਸਿੱਖਾਂ ਦੀਆਂ ਭਾਵਨਾਵਾਂ ਪਹੁੰਚਾਉਣੀਆਂ ਚਾਹੀਦੀਆਂ ਹਨ ਤਾਂ ਜੋ ਨਿਊਯਾਰਕ ਪੁਲਸ ਆਪਣੇ ਫੈਸਲੇ ਵਿਚ ਦਰੁੱਸਤੀ ਕਰਕੇ ਸਿੱਖ ਜਵਾਨ ਨੂੰ ਸਿੱਖੀ ਸਰੂਪ ’ਚ ਰਹਿ ਕੇ ਸੇਵਾਵਾਂ ਨਿਭਾਉਣ ਦੀ ਖੁੱਲ੍ਹ ਦੇ ਸਕੇ। 

Add a Comment

Your email address will not be published. Required fields are marked *